Punjab News; ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਦਰਿਆ ਬਿਆਸ 'ਚ ਡੁੱਬੇ, ਭਰਾ ਦੀ ਲਾਸ਼ ਬਰਾਮਦ, ਭੈਣ ਦੀ ਭਾਲ ਜਾਰੀ
ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਦੇ ਨੇੜੇ ਵਾਪਰੀ ਮੰਦਭਾਗੀ ਘਟਨਾ
ਪੈਰ ਤਿਲਕਣ ਮਗਰੋਂ ਇਕ ਦੂਜੇ ਨੂੰ ਬਚਾਉਂਦਿਆਂ ਦੋਹੇ ਭੈਣ-ਭਰਾ ਡੂੰਘੇ ਪਾਣੀ ਵਿੱਚ ਡੁੱਬੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 12 ਮਈ 2025: ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾਂ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਵਾਢੀ ਕਰਨ ਗਏ ਖੇਤ ਮਜ਼ਦੂਰ ਭੈਣ-ਭਰਾ ਅਚਾਨਕ ਦਰਿਆ ਬਿਆਸ ਦੇ ਵਿੱਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਦਰਿਆ ਬਿਆਸ ਦੇ ਕੰਢੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਘਰ ਵਾਪਸ ਪਰਤਨ ਸਮੇਂ ਹੱਥਮੂੰਹ ਧੋਣ ਜਾਂ ਪਾਣੀ ਪੀਣ ਲਈ ਦਰਿਆ ਕਿਨਾਰੇ ਪੁੱਜੇ ਤਾਂ ਅਚਾਨਕ ਪੈਰ ਤਿਲਕਣ ਕਾਰਨ ਇੱਕ ਦੂਜੇ ਨੂੰ ਬਚਾਉਂਦਿਆਂ ਦੋਹੇ ਭੈਣ ਭਰਾ ਡੁੱਬ ਗਏ। ਜਿਨਾਂ ਵਿੱਚੋਂ ਭਰਾ ਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਨ ਪੱਪੂ(35) ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਰੂਰਲ ਦੇ ਰੂਪ ਵਿੱਚ ਹੋਈ ਹੈ। ਜਦ ਕਿ ਉਸ ਦੀ ਭੈਣ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ।
ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਕਰਨ ਲਈ ਆਉਂਦੇ ਹਨ। ਪੱਪੂ ਅਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਆਹਲੀ ਕਲਾਂ ਦਰਿਆ ਬਿਆਸ ਦੇ ਕੰਢੇ ਆਏ ਸਨ। ਜਦੋਂ ਉਹ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ ਮੂੰਹ ਹੱਥ ਧੋ ਕੇ ਪਾਣੀ ਪੀ ਲਈਏ, ਜਿਸ ਤੋਂ ਬਾਅਦ ਉਹ ਦੋਵੇ ਭੈਣ-ਭਰਾ ਦਰਿਆ ਬਿਆਸ ਦੇ ਕੰਢੇ ਪਹੁੰਚਦੇ ਹਨ ਅਤੇ ਜਿਸ ਦੌਰਾਨ ਦੋਹਾਂ ਵਿੱਚੋਂ ਭੈਣ ਪੈਰ ਤਿਲਕਣ ਮਗਰੋਂ ਉਹ ਡੂੰਘੇ ਪਾਣੀ ਦੀ ਲਪੇਟ ਵਿੱਚ ਆ ਜਾਂਦੀ ਹੈ ਜਿਸ ਨੂੰ ਬਚਾਉਣ ਦੇ ਲਈ ਭਰਾ ਵੱਲੋਂ ਵੀ ਛਲਾਂਗ ਲਗਾਈ ਜਾਂਦੀ ਹੈ ਪਰ ਇੱਕ ਦੂਜੇ ਨੂੰ ਬਚਾਉਂਦਿਆਂ ਉਹ ਦੋਹੇ ਡੂੰਘੇ ਪਾਣੀ ਵਿੱਚ ਡੁੱਬ ਜਾਂਦੇ ਹਨ। ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਗਈ ਹੈ ਜਦਕਿ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ। ਜਾਣਕਾਰੀ ਦੇ ਅਨੁਸਾਰ ਪੱਪੂ ਸ਼ਾਦੀਸ਼ੁਦਾ ਸੀ ਜਦਕਿ ਉਸਦੀ ਭੈਣ ਅਜੇ ਕੁਆਰੀ ਸੀ।
ਉਧਰ ਮਾਮਲੇ ਨੂੰ ਲੈ ਕੇ ਥਾਣਾ ਕਬੀਰਪੁਰ ਦੀ ਪੁਲਿਸ ਵੱਲੋਂ ਮ੍ਰਿਤਕ ਪੁੱਤਰ ਜੋਗਿੰਦਰ ਪਾਲ ਵਾਸੀ ਸੁਲਤਾਨਪੁਰ ਰੂਰਲ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੀ ਭੈਣ ਆਸ਼ੂ ਦੀ ਭਾਲ ਅਜੇ ਵੀ ਜਾਰੀ ਹੈ। ਡਿਊਟੀ ਤੇ ਤੈਨਾਤ ਡਾਕਟਰ ਅਨੁਸਾਰ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।