ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਪ੍ਰਤੀ ਸਲਾਨਾ ਬਰਸੀ ਸਮਾਗਮ ਅੱਜ ਗੁਰਦੁਆਰਾ ਬੇਰ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਹੋਣਗੇ: ਸਿੰਘ ਸਾਹਿਬ ਬਾਬਾ ਬਲਬੀਰ ਸਿੰਘ
ਦਿਲਜੀਤ ਸਿੰਘ ਬੇਦੀ ਦੀ ਲਿਖੀ ਕਿਤਾਬ “ਬੁੱਢਾ ਦਲ ਦੇ ਜਥੇਦਾਰ ਸਾਹਿਬਾਨ” ਰਲੀਜ਼ ਹੋਵੇਗੀ
ਤਲਵੰਡੀ ਸਾਬੋ: 8 ਮਈ - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੁੱਢਾ ਦਲ ਦੇ ਬਾਰਵੇਂ ਮਹਰੂਮ ਜਥੇ: ਰਹੇ ਮਹਾਨ ਤਪੱਸਵੀ ਅਤੇ ਪੰਥ ਦੀ ਬੇਹਤਰੀ ਲਈ ਰਾਤ ਦਿਨ ਜੂਝਣ ਵਾਲੇ ਸਿੰਘ ਸਾਹਿਬ ਬਾਬਾ ਚੇਤ ਸਿੰਘ ਜੀ ਦੀ 57ਵੀਂ ਸਲਾਨਾ ਬਰਸੀ ਅਤੇ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ ਬਾਬਾ ਸੰਤਾ ਸਿੰਘ ਜੀ ਅਕਾਲੀ ਦੀ 17ਵੀਂ ਸਲਾਨਾ ਬਰਸੀ ਸਮਾਗਮ ਗੁ: ਬੇਰ ਸਾਹਿਬ ਦੇਗਸਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਤਲਵੰਡੀ ਸਾਬੋ ਬਠਿੰਡਾ ਵਿਖੇ ਹੋਣਗੇ। ਇਸ ਮੌਕੇ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੇ ਨਿਹੰਗ ਸਿੰਘ ਦਲਾਂ, ਪੰਥਕ ਸਨੇਹੀਆਂ, ਵੱਖ-ਵੱਖ ਸੰਪਰਦਾਵਾਂ ਅਤੇ ਸੰਤ ਮਹਾਪੁਰਸ਼ਾਂ ਨੂੰ ਬਰਸੀ ਦੇ ਗੁਰਮਤਿ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਪੁਜਣ ਲਈ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੇਰ ਸਾਹਿਬ (ਦੇਗਸਰ ਸਾਹਿਬ) ਪਾ:ਦਸਵੀਂ, ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਛਾਉਣੀ ਬੁੱਢਾ ਦਲ ਵਿਖੇ 7 ਮਈ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਸਨ ਅਤੇ 9 ਮਈ ਨੂੰ ਸਵੇਰੇ 10:30 ਵਜੇ ਭੋਗ ਉਪਰੰਤ ਗੁਰਮਤਿ ਸਮਾਗਮ ਹੋਣਗੇ, ਧਾਰਮਿਕ ਦੀਵਾਨ ਸਮੇਂ ਗੁਰੂਘਰ ਦੇ ਮਹਾਨ ਰਾਗੀ,ਢਾਡੀ, ਪ੍ਰਚਾਰਕ, ਸੰਤ ਜਨ ਗੁਰੂ ਜਸ ਰਾਹੀਂ ਇਨ੍ਹਾਂ ਮਹਾਨ ਜਰਨੈਲਾਂ ਸੰਤ ਸਿਪਾਹੀਆਂ ਨੂੰ ਭਾਵ ਭਿੰਨੀ ਸਰਧਾਜਲੀ ਅਰਪਣ ਕਰਨਗੇ। ਇਸ ਮੌਕੇ ਬੁੱਢਾ ਦਲ ਦੇ ਸਕੱਤਰ ਉਘੇ ਸਿੱਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਵੱਲੋਂ ਤਿਆਰ ਕੀਤੀ ਪੁਸਤਕ “ਬੁੱਢਾ ਦਲ ਜਥੇਦਾਰ ਸਾਹਿਬਾਨਾਂ ਦਾ ਜੀਵਨ ਸੰਗ੍ਰਹਿ” ਰਲੀਜ਼ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਵੱਧ ਚੱੜ੍ਹ ਕੇ ਇਨ੍ਹਾਂ ਸਮਾਗਮਾਂ ਵਿੱਚ ਪੁਜਣ ਲਈ ਹਾਰਦਿਕ ਅਪੀਲ ਕੀਤੀ। ਉਨ੍ਹਾਂ ਦੋਹਾਂ ਦੇਸ਼ਾਂ ਅੰਦਰ ਬਣੇ ਤਨਾਅ ਪੂਰਨ ਹਲਾਤਾਂ ਸਮੇਂ ਸਾਰਿਆਂ ਨੂੰ ਸੰਜਮ ਤੇ ਸਹਿਯੋਗੀ ਭਾਵਨਾ ਬਨਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪੁੰਨਛ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਤੇ ਪਾਕਿਸਤਾਨ ਵੱਲੋਂ ਦਾਗੇ ਗੋਲਿਆਂ ਨਾਲ ਗੁ: ਸਾਹਿਬ ਦੇ ਰਾਗੀ ਸਿੰਘ ਭਾਈ ਅਮਰੀਕ ਸਿੰਘ ਤੇ ਤਿੰਨ ਹੋਰ ਸਿੱਖਾਂ ਦੀ ਮੌਤ ਹੋ ਜਾਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਨਾਲ ਹੀ ਸਮਾਣਾ ਸਕੂਲ ਦੇ ਵਿਦਿਆਰਥੀਆਂ ਦੀ ਇੱਕ ਵੈਨ ਸੜਕ ਹਾਦਸੇ ਵਿੱਚ ਪੰਜ ਬੱਚਿਆਂ ਤੇ ਵੈਨ ਡਰਾਇਵਰ ਦੀ ਮੌਤ ਹੋ ਜਾਣੀ ਅਤਿ ਦੁਖਦਾਈ ਤੇ ਮਾਪਿਆ ਲਈ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ ਹੈ ਅਤੇ ਪੀੜ੍ਹਤ ਪ੍ਰੀਵਾਰਾਂ ਨਾਲ ਇਸ ਦੁਖਦ ਘੜੀ ਵਿੱਚ ਉਨ੍ਹਾਂ ਹਮਦਰਦੀ ਜਤਾਈ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ਣ।