ਅਕਾਲ ਅਕੈਡਮੀ ਥੇਹਕਲੰਦਰ ਵਿਖੇ ‘ਗੁੱਡ ਟੱਚ ਤੇ ਬੈਡ ਟੱਚ’ ਸਬੰਧੀ ਜਾਗਰੂਕਤਾ ਸੈਮੀਨਾਰ
ਹਰਜਿੰਦਰ ਸਿੰਘ ਭੱਟੀ
ਥੇਹਕਲੰਦਰ, 24 ਅਪ੍ਰੈਲ 2025 : ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹਕਲੰਦਰ ਵਿਖੇ ਅੱਜ ਇੱਕ ਮਹੱਤਵਪੂਰਨ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਸਦਰ ਥਾਣਾ (ਸਾਂਝ ਕੇਂਦਰ) ਵੱਲੋਂ ਆਏ ਗੁਰਮੀਤ ਕੌਰ (ਹੈਡ ਕਾਂਸਟੇਬਲ) ਅਤੇ ਬਿਮਲਾ ਰਾਣੀ ਜੀ ਵੱਲੋਂ ਲਗਾਇਆ ਗਿਆ। ਸੈਮੀਨਾਰ ਦੌਰਾਨ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ‘ਗੁੱਡ ਟੱਚ - ਬੈਡ ਟੱਚ’, ਅਜਨਬੀਆਂ ਨਾਲ ਸਾਵਧਾਨੀ, ਦੂਸਰਿਆਂ ਦੇ ਵਿਵਹਾਰ ਦੀ ਸਮਝ ਅਤੇ ਸਾਈਬਰ ਅਪਰਾਧਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ। ਨਾਲ ਹੀ, ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਹੈਲਪਲਾਈਨ ਨੰਬਰਾਂ ਦੀ ਵੀ ਸਾਂਝ ਕੀਤੀ ਗਈ।
ਸੈਮੀਨਾਰ ਦੌਰਾਨ ਬੱਚਿਆਂ ਵੱਲੋਂ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਟੀਮ ਵੱਲੋਂ ਜਵਾਬ ਦਿੱਤੇ ਗਏ। ਅੰਤ ਵਿੱਚ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦਿੰਦਾ ਆ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਵਿੱਚ ਸੁਰੱਖਿਆ ਜਾਗਰੂਕਤਾ ਵਧਾਉਣ ਲਈ ਸਕੂਲ ਵਿਚ ਲੰਮੇ ਸਮੇਂ ਤੋਂ ‘ਸੇਫਟੀ ਬੁੱਕ’ ਲਗਾਈ ਗਈ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਸਿੱਖਣ ਵਿੱਚ ਮਦਦ ਮਿਲਦੀ ਹੈ। ਅਜਿਹੇ ਉਪਰਾਲਿਆਂ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।