ਅੱਗ ਹਨੇਰੀ ਅਤੇ ਕੁਦਰਤੀ ਕਰੋਪੀ ਨਾਲ ਖਰਾਬ ਹੋਈਆਂ ਫਸਲਾਂ ਦਾ ਢੁੱਕਵਾਂ ਮੁਆਵਜ਼ਾ ਦੇਣ ਲਈ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2025 : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਜਿਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਕਣਕਾਂ ਨੂੰ ਲੱਗੀਆਂ ਅੱਗਾਂ ਦੀ ਕਰੋਪੀ ਅਤੇ ਗੜੇਮਾਰੀ, ਹਨੇਰੀ ਤੇ ਬੇਮੌਸਮੀ ਬਾਰਿਸ਼ ਨਾਲ ਹੋਏ ਮਾਲੀ ਜਾਨੀ ਨੁਕਸਾਨ ਦੀ ਭਰਪਾਈ ਵਾਸਤੇ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਅਣਗਿਣਤ ਥਾਵਾਂ ਤੇ ਕਣਕ ਅਤੇ ਕਣਕ ਦੇ ਨਾੜ ਨੂੰ ਅੱਗਾਂ ਲੱਗੀਆਂ ਹਨ, ਨਾਲ ਹੀ ਬੇਮੌਸਮੀ ਬਾਰਿਸ਼, ਹਨੇਰੀ ਅਤੇ ਗੜੇਮਾਰੀ ਹੋਈ ਹੈ। ਜਿਸ ਨਾਲ ਭਾਰੀ ਮਾਲੀ ਅਤੇ ਕਈ ਥਾਵਾਂ ਤੇ ਜਾਨੀ ਨੁਕਸਾਨ ਵੀ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਇਸ ਕਰੋਪੀ ਦੇ ਪੂਰੇ ਮੁਆਵਜ਼ੇ ਤੋਂ ਬਿਨਾਂ ਪੀੜਤ ਪਰਿਵਾਰਾਂ ਦੀ ਦੁਬਾਰਾ ਜਿੰਦਗੀ ਲੀਹ ਤੇ ਆਉਣੀ ਮੁਸ਼ਕਿਲ ਨਹੀਂ ਹੀ ਨਹੀਂ ਅਸੰਭਵ ਵੀ ਹੈ। ਇਸ ਲਈ ਮੰਗ ਕੀਤੀ ਗਈ ਕਿ ਤੁਰੰਤ ਸਾਰੇ ਪੰਜਾਬ ਅੰਦਰ ਸਪੈਸ਼ਲ ਗਿਰਦਾਵਰੀ, ਸਰਵੇ ਕਰਵਾ ਕੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਵਾਇਆ ਜਾਵੇ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀਕੇਯੂ ਡਕੌਂਦਾ ਦੇ ਸੂਬਾ ਆਗੂ ਬਲਦੇਵ ਸਿੰਘ ਭਾਈ ਰੂਪਾ, ਬੀਕੇਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ, ਬੀ ਕੇ ਯੂ ਮਾਨਸਾ ਦੇ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਰੇਸ਼ਮ ਸਿੰਘ ਜੀਦਾ, ਅੰਗਰੇਜ਼ ਸਿੰਘ ਕਟਾਰ ਸਿੰਘ ਵਾਲਾ ਆਦਿ ਹਾਜ਼ਰ ਸਨ।