60 ਏਕੜ ਕਣਕ ਦੀ ਖੜ੍ਹੀ ਫ਼ਸਲ ਅਤੇ ਨਾੜ ਨੂੰ ਲੱਗੀ ਭਿਆਨਕ ਅੱਗ
- ਕਿਸਾਨਾਂ ਦਾ ਲੱਖਾਂ ਰੁਪਏ ਦਾ ਹੋਇਆ ਭਾਰੀ ਨੁਕਸਾਨ : ਸੁਖਪ੍ਰੀਤ ਸਿੰਘ ਗਿੱਲ
- ਲੋਕਾਂ ਦੀ ਮਦਦ ਨਾਲ ਅੱਗ ਤੇ ਪਾਇਆ ਕਾਬੂ, ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਗੱਡੀ ਅੱਗ ਬੁਝਾਉਣ ਚ ਮਦਦ ਨਾ ਕਰ ਸਕੀ : ਗੁਰਪ੍ਰੀਤ ਸਿੰਘ ਗਿੱਲ
ਮਨਜੀਤ ਸਿੰਘ ਢੱਲਾ
ਜੈਤੋ,19 ਅਪ੍ਰੈਲ 2025 - ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਅਧੀਨ ਪੈਂਦੇ ਕੋਠੇ ਮਾਹਲਾ ਸਿੰਘ ਵਾਲਾ ਵਿਖੇ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਅਚਾਨਕ ਕਣਕ ਦੀ ਖੜ੍ਹੀ ਫ਼ਸਲ ਅਤੇ ਨਾੜ ਨੂੰ ਅੱਗ ਲੱਗ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ, ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਇਸ ਮੌਕੇ ਪੀੜਤ ਕਿਸਾਨ ਸੁਖਪ੍ਰੀਤ ਸਿੰਘ ਗਿੱਲ, ਜਰਨੈਲ ਸਿੰਘ,ਹਰੀ ਸਿੰਘ, ਗੁਰਪ੍ਰੀਤ ਸਿੰਘ ਗਿੱਲ,ਬਿੱਲੂ ਸਿੰਘ ਡੇਅਰੀ ਵਾਲਾ, ਜਗਦੇਵ ਸਿੰਘ, ਮੰਦਰ ਸਿੰਘ, ਗੁਰਪ੍ਰੀਤ ਸਿੰਘ ਵਾਸੀ ਕੋਠੇ ਮਾਹਲਾ ਸਿੰਘ ਵਾਲਾ ਆਦਿ ਨੇ ਦੱਸਿਆ ਕਿ ਕਣਕ ਦੀ ਖੜ੍ਹੀ ਫ਼ਸਲ ਨੂੰ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਕਿਹਾ ਕਿ ਇਸ ਭਿਅਨਕ ਅੱਗ ਦੀ ਲਪੇਟ ਵਿਚ 60 ਏਕੜ ਦੇ ਲਗਭਗ ਕਰੀਬ ਕਣਕ ਦੀ ਖੜ੍ਹੀ ਪੱਕੀ ਫਸਲ ਤੇ ਕੁਝ ਕਣਕ ਦਾ ਨਾੜ ਵੀ ਸੜ ਗਿਆ ।
ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ ਤੋਂ ਬਾਅਦ ਨੇੜਲੇ ਪਿੰਡਾਂ ਦੇ ਸੈਂਕੜੇ ਨੌਜਵਾਨ ਮੌਕੇ ‘ਤੇ ਪਹੁੰਚੇ ਅਤੇ ਲਗਭਗ 3 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਜਦੋਂ ਅੱਗ ਲੱਗਣ ਦੀ ਸੂਚਨਾ ਤਰੁੰਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ ਤੇ ਦੇਰੀ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਤੇ ਮੌਕੇ ਤੇ ਗੱਡੀ ਅੱਗ ਨੂੰ ਕਾਬੂ ਪਾਉਣ ਵਿਚ ਇਹ ਗੱਡੀ ਨਾਕਾਮਯਾਬ ਰਹੀ...? ਪਰ ਉਦੋਂ ਤੱਕ ਕਿਸਾਨਾਂ ਦੀ ਲਗਭਗ 60 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਚੁੱਕੀ ਸੀ।
ਇਸ ਮੌਕੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਸੂਚਨਾ ਦੇਣ ਦੇ ਬਾਵਜੂਦ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਟੀਮ ਬਹੁਤ ਦੇਰੀ ਨਾਲ ਮੌਕੇ ‘ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਨਹੀਂ ਪਾਇਆ ਗਿਆ । ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਿਸਾਨ ਸੁਖਪ੍ਰੀਤ ਸਿੰਘ ਗਿੱਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਹਾਲਾਤਾਂ ਨੂੰ ਦੇਖਦਿਆਂ ਜੈਤੋ ਸਬ ਡਵੀਜ਼ਨ ਵਿੱਚ ਪੱਕੇ ਤੌਰ ਤੇ ਫਾਇਰ ਬ੍ਰਿਗੇਡ ਦਫ਼ਤਰ ਨਿਯੁਕਤ ਕੀਤਾ ਜਾਵੇ ਅਤੇ ਘੱਟੋ ਘੱਟ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੰਤਜ਼ਾਮ ਕੀਤਾ ਜਾਵੇ।