ਚੰਡੀਗੜ੍ਹ ਦੇ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਦੀ 'ਆਪਣੀ ਮੰਡੀ' ਦੇ ਬੁਨਿਆਦੀ ਢਾਂਚੇ ਦੇ ਸੁਧਾਰ ਸਬੰਧੀ ਸਾਂਝੀ ਮੀਟਿੰਗ ਅਤੇ ਐਕਸ਼ਨ ਪਲਾਨ ਬਣਾਉਣ ਦਾ ਦਿੱਤਾ ਨਿਰਦੇਸ਼
ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਅਤੇ ਆਈਡੀਸੀ ਦੀ ਟੀਮ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਨੂੰ ਸੌਂਪੀ ਚੰਡੀਗੜ੍ਹ ਦੀ ‘ਆਪਣੀ ਮੰਡੀ’ ਵਿੱਚ ਕਰਵਾਏ ਸਰਵੇਖਣ ਦੀ ਰਿਪੋਰਟ
ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ 'ਆਪਣੀ ਮੰਡੀ' ’ਤੇ ਕੀਤੇ ਅਧਿਐਨ ਦੀਆਂ ਸਿਫ਼ਾਰਸ਼ਾਂ ਨੂੰ ਸੈਕਟਰ 26 ਦੀ ਅਨਾਜ ਮੰਡੀ ਵਿੱਚ ਲਾਗੂ ਕਰਨ ਦੇ ਦਿੱਤੇ ਨਿਰਦੇਸ਼,
ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਸਾਹਵੇਂ ਚੁੱਕਿਆ ਚੰਡੀਗੜ੍ਹ ਦੀ 'ਆਪਣੀ ਮੰਡੀ' ਵਿੱਚ ਸਾਫ਼- ਸਫ਼ਾਈ ਅਤੇ ਪਲਾਸਟਿਕ ਦੇ ਕੂੜੇ ਦੇ ਪ੍ਰਬੰਧਨ ਦਾ ਮੁੱਦਾ
ਚੰਡੀਗੜ੍ਹ, 5 ਮਾਰਚ: ਮੈਂਬਰ ਪਾਰਲੀਮੈਂਟ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਪੰਜਾਬ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗ਼ੁਲਾਬ ਚੰਦ ਕਟਾਰੀਆ ਸਾਹਵੇਂ ਇੰਸਟੀਚਿਊਟ ਫ਼ਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ) ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੀਤੀ ਗਈ ਇੱਕ ਸਾਂਝੀ ਅਧਿਐਨ ਦੀ ਰਿਪੋਰਟ ਪੇਸ਼ ਕਰਕੇ ਚੰਡੀਗੜ੍ਹ ਦੀ 'ਆਪਣੀ ਮੰਡੀ' ਵਿਖੇ ਸਾਫ਼-ਸਫ਼ਾਈ ਅਤੇ ਪਲਾਸਟਿਕ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਮੁੱਦਾ ਚੁੱਕਿਆ।
ਆਈ.ਡੀ.ਸੀ. ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ 'ਤੇ ‘ਚੰਡੀਗੜ੍ਹ ਦੀ ‘ਆਪਣੀ ਮੰਡੀ’ ਵਿੱਚ ਪਲਾਸਟਿਕ ਕੂੜੇ ਦੀ ਪੈਦਾਵਾਰ ਅਤੇ ਪ੍ਰਬੰਧਨ’ ਵਿਸ਼ੇ 'ਤੇ ਕੀਤੀ ਗਈ ਸਾਂਝੀ ਖੋਜ ਦੀ ਅੰਤਿਮ ਰਿਪੋਰਟ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਸੌਂਪੀ ਗਈ। ਰੋਪੜ ਸਥਿਤ ‘ਟੋਪਨ ਸਪੈਸ਼ਲਿਟੀ ਫਿਲਮਜ਼’ (TSF) ਪ੍ਰਾਈਵੇਟ ਲਿਮਟਿਡ ਦੁਆਰਾ ਸਪਾਂਸਰ ਕੀਤੀ ਗਈ ਇਹ ਰਿਪੋਰਟ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਆਈ.ਡੀ.ਸੀ. ਦੇ ਡਾਇਰੈਕਟਰ ਪ੍ਰੋਫੈਸਰ ਪ੍ਰਮੋਦ ਕੁਮਾਰ ਵੱਲੋਂ ਪ੍ਰਸ਼ਾਸਕ ਨੂੰ ਸੌਂਪੀ ਗਈ।
ਅਧਿਐਨ ਦੀ ਸ਼ਲਾਘਾ ਕਰਦਿਆਂ, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਮੁੱਦੇ 'ਤੇ ਪੰਜਾਬ ਮੰਡੀ ਬੋਰਡ, ਚੰਡੀਗੜ੍ਹ ਨਗਰ ਨਿਗਮ, ਚੰਡੀਗੜ੍ਹ ਐਗਰੀਕਲਚਰਲ ਮਾਰਕੀਟਿੰਗ ਬੋਰਡ, ਕਿਸਾਨਾਂ ਅਤੇ ਵਿਕਰੇਤਾਵਾਂ ਸਮੇਤ ਸਾਰੇ ਹਿੱਸੇਦਾਰਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਧਿਐਨ ਵਿੱਚ ਦਿੱਤੀਆਂ ਗਈਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਇੱਕ ਵਿਆਪਕ ਐਕਸ਼ਨ ਪਲਾਨ (ਕਾਰਜ ਯੋਜਨਾ) ਤਿਆਰ ਕਰਨ ਲਈ ਵੀ ਕਿਹਾ। ਇਸ ਦੇ ਨਾਲ ਹੀ, ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਅਧਿਐਨ ਦੇ ਨਤੀਜਿਆਂ ਅਤੇ ਸੁਝਾਵਾਂ ਨੂੰ ਸੈਕਟਰ-26 ਦੀ ਅਨਾਜ ਮੰਡੀ ਵਿੱਚ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ।
ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਿਪੋਰਟ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ, “ਇਹ ਤੱਥ-ਖੋਜ ਰਿਪੋਰਟ ਚੰਡੀਗੜ੍ਹ ਦੀਆਂ 11 ਆਪਣੀ ਮੰਡੀਆਂ ਵਿੱਚ 500 ਵਿਕਰੇਤਾਵਾਂ, 750 ਗਾਹਕਾਂ ਅਤੇ ਨੇੜਲੇ 110 ਘਰਾਂ 'ਤੇ ਕੀਤੇ ਗਏ ਵਿਆਪਕ ਸਰਵੇਖਣ 'ਤੇ ਆਧਾਰਿਤ ਹੈ। ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਕੰਮ ਕਰਨ ਵਾਲੇ 50 ਫ਼ੀਸਦੀ ਵਿਕਰੇਤਾ ਵਾਤਾਵਰਣ-ਪੱਖੀ ਅਤੇ ਗ਼ੈਰ-ਪਲਾਸਟਿਕ ਪੈਕੇਜਿੰਗ ਸਮੱਗਰੀ ਬਾਰੇ ਬਿਲਕੁਲ ਵੀ ਜਾਣੂ ਨਹੀਂ ਹਨ। ਸਰਵੇਖਣ ਅਨੁਸਾਰ, ਉੱਤਰਦਾਤਾਵਾਂ ਅਤੇ ਵਿਕਰੇਤਾਵਾਂ ਨੇ ਵਾਤਾਵਰਣ-ਪੱਖੀ ਪੈਕੇਜਿੰਗ ਦੇ ਬਦਲਾਂ ਨੂੰ ਕਾਫ਼ੀ ਮਹਿੰਗਾ ਦੱਸਿਆ ਹੈ, ਜਦਕਿ ਮੰਡੀਆਂ ਵਿੱਚ ਵਿਕਰੇਤਾ ਬਹੁਤ ਹੀ ਘੱਟ ਮੁਨਾਫ਼ੇ 'ਤੇ ਕੰਮ ਕਰ ਰਹੇ ਹਨ।”
ਐਮਪੀ ਸਤਨਾਮ ਸੰਧੂ ਨੇ ਅੱਗੇ ਦੱਸਿਆ, “ਚੰਡੀਗੜ੍ਹ ਦੀਆਂ ਆਪਣੀ ਮੰਡੀਆਂ ਵਿੱਚ ਹੋਰਨਾਂ ਮੁੱਖ ਸਮੱਸਿਆਵਾਂ ਵਿੱਚੋਂ ਇੱਕ ਵੱਡਾ ਮੁੱਦਾ ਉਚਿਤ ਪਾਰਕਿੰਗ ਖੇਤਰਾਂ ਦੀ ਘਾਟ ਹੈ, ਜਿਸ ਕਾਰਨ ਵੱਖ-ਵੱਖ ਸੈਕਟਰਾਂ ਵਿੱਚ ਮੰਡੀ ਵਾਲੇ ਦਿਨ ਟ੍ਰੈਫਿਕ ਜਾਮ ਦੀ ਭਾਰੀ ਸਮੱਸਿਆ ਪੈਦਾ ਹੁੰਦੀ ਹੈ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ 87 ਫ਼ੀਸਦੀ ਆਪਣੀ ਮੰਡੀਆਂ ਵਿੱਚ ਕੂੜੇਦਾਨ ਉਪਲਬਧ ਨਹੀਂ ਸਨ ਅਤੇ ਮੰਡੀਆਂ ਵਿੱਚ ਕਾਰੋਬਾਰ ਖ਼ਤਮ ਹੋਣ ਤੋਂ ਬਾਅਦ ਉੱਥੇ ਵੱਡੀ ਮਾਤਰਾ ਵਿੱਚ ਗੰਦਗੀ ਅਤੇ ਕੂੜਾ ਖਿਲਰਿਆ ਸਾਫ਼ ਦਿਖਾਈ ਦਿੰਦਾ ਸੀ।”
ਆਈ.ਡੀ.ਸੀ. ਦੇ ਡਾਇਰੈਕਟਰ ਡਾ. ਪ੍ਰਮੋਦ ਕੁਮਾਰ ਨੇ ਰਿਪੋਰਟ ਦੇ ਮੁੱਖ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ, “ਰਿਪੋਰਟ ਵਿੱਚ ਵਿਅਕਤੀਗਤ ਵਿਕਰੇਤਾਵਾਂ (ਰੇਹੜੀ-ਫੜ੍ਹੀ ਵਾਲਿਆਂ) ਨੂੰ ਜੁਰਮਾਨਾ ਕਰਨ ਦੀ ਬਜਾਏ ਮੰਡੀ ਦੇ ਪੱਧਰ 'ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਵਕਾਲਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸਾਰੀਆਂ ਮੰਡੀਆਂ ਵਿੱਚ ਕੂੜੇ ਨੂੰ ਸਰੋਤ ਪੱਧਰ 'ਤੇ ਹੀ ਵੱਖ-ਵੱਖ ਕਰਨ ਦਾ ਸਿਸਟਮ ਲਾਜ਼ਮੀ ਤੌਰ 'ਤੇ ਸਥਾਪਤ ਕਰਨ, ਟ੍ਰੈਫਿਕ ਜਾਮ ਨੂੰ ਘਟਾਉਣ ਲਈ ਵਿਸ਼ੇਸ਼ ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ਯੋਜਨਾ ਤਿਆਰ ਕਰਨ, ਅਤੇ ਹਰ ਆਪਣੀ ਮੰਡੀ ਵਿੱਚ ਜਨਤਕ ਪਖਾਨੇ, ਪੀਣ ਵਾਲੇ ਸਾਫ਼ ਪਾਣੀ ਅਤੇ ਹੱਥ-ਮੂੰਹ ਧੋਣ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।”
ਇਸ ਮੌਕੇ ਹਾਜ਼ਰ ‘ਟੋਪਨ ਸਪੈਸ਼ਲਿਟੀ ਫਿਲਮਜ਼’ ਦੇ ਸੀ.ਈ.ਓ. ਮਨੋਹਰਾ ਕੁਮਾਰ ਨੇ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕੰਪਨੀ ਪਲਾਸਟਿਕ ਕੂੜੇ ਦੇ ਨਿਪਟਾਰੇ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਵਿੱਚ ਜਾਗਰੂਕਤਾ ਪ੍ਰੋਗਰਾਮਾਂ ਅਤੇ ਇਸ ਨਾਲ ਸਬੰਧਤ ਹੋਰ ਅਧਿਐਨਾਂ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ।
Click to Follow Babushahi Facebook page →