Babushahi Special: ਬਠਿੰਡਾ ਸੀਵਰੇਜ਼ ਦੀ ਗੰਦਗੀ ਨੇ ਦੁੱਭਰ ਕੀਤੀ ਲੋਕਾਂ ਦੀ ਜਿੰਦਗੀ
ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2025: ਨਗਰ ਨਿਗਮ ਬਠਿੰਡਾ ਦੇ ਦਾਅਵੇ ਤੇ ਸ਼ਹਿਰ ਦੇ ਲੋਕਾਂ ਵੱਲੋਂ ਕੱਢੇ ਹਾੜ੍ਹੇ ਵੀ ਸ਼ਹਿਰੀ ਜਿੰਦਗੀ ਚੋਂ ਸੀਵਰੇਜ਼ ਦੇ ਗੰਦੇ ਪਾਣੀ ਨੂੰ ਮਨਫੀ ਨਹੀਂ ਕਰ ਸਕੇ ਹਨ। ਸ਼ਹਿਰ ਦੇ ਕਈ ਇਲਾਕੇ ਤਾਂ ਅਜਿਹੇ ਵੀ ਹਨ ਜਿੱਥੇ ਸਥਿਤੀ ਬਦ ਤੋਂ ਬਦਤਰ ਬਣੀ ਹੋਈ ਹੈ। ਅੱਜ ਤਾਂ ਸਮੱਸਿਆ ਉਦੋਂ ਹੱਦਾਂ ਬੰਨੇ ਟੱਪਦੀ ਨਜ਼ਰ ਆਈ ਜਦੋਂ ਸ਼ਹਿਰ ਦੀ ਬਚਨ ਕਲੋਨੀ ਵਿੱਚ ਸੀਵੇਰਜ਼ ਦਾ ਗੰਦਾ ਪਾਣੀ ਚੱਲ ਰਹੇ ਇੱਕ ਸਮਾਗਮ ਲਈ ਲਾਏ ਟੈਂਟ ਵਿੱਚ ਦਾਖਲ ਹੋ ਗਿਆ। ਗੰਦਗੀ ਨੇ ਸਮੁੱਚਾ ਮਹੌਲ ਹੀ ਨਹੀਂ ਬਦਬੂਦਾਰ ਕੀਤਾ ਬਲਕਿ ਮਹਿਮਾਨਾਂ ਦੀ ਆਉਭਗਤ ਲਈ ਵਿਛਾਈਆਂ ਦਰੀਆਂ ਤੱਕ ਬੁਰੀ ਤਰਾਂ ਭਿੱਜ ਗਈਆਂ। ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਲੋਕਾਂ ਦੇ ਦੇ ਕੱਪੜੇ ਵੀ ਗੰਦੇ ਪਾਣੀ ਕਾਰਨ ਖਰਾਬ ਹੋ ਗਏ। ਵੱਡੀ ਗੱਲ ਇਹ ਵੀ ਹੈ ਕਿ ਗੰਦਗੀ ਨੇ ਸਮਾਗਮ ਦੇ ਪ੍ਰਬੰਧਾਂ ਨੂੰ ਹੀ ਤਹਿਸ ਨਹਿਸ ਕਰ ਦਿੱਤਾ।
ਹਾਲਾਂਕਿ ਨਵੇਂ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਦੌਰਾਨ ਸੀਵਰੇਜ਼ ਪਾਣੀ ਵਰਗੀਆਂ ਬੁਨਿਆਦੀ ਸਮੱਸਿਆਵਾਂ ਸੁਲਝਾਕੇ ਰਾਹਤ ਦਿਵਾਉਣ ਸਬੰਧੀ ਕਹਿਣ ਤੋਂ ਸ਼ਹਿਰ ਵਾਸੀਆਂ ਨੂੰ ਆਸ ਬੱਝੀ ਹੈ ਪਰ ਇਸ ਤੋਂ ਪਹਿਲਾਂ ਲੋਕਾਂ ਦਾ ਤਜ਼ਰਬਾ ਮਾੜਾ ਰਹਿਣ ਕਰਕੇ ਡਰ ਵੀ ਸਤਾ ਰਿਹਾ ਹੈ। ਸ਼ਹਿਰ ਵਾਸੀ ਆਖਦੇ ਹਨ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਅਗਵਾਈ ਕਰ ਰਹੇ ਆਗੂਆਂ ਨੇ ਦੋ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ’ਚ ਸੀਵਰੇਜ਼ ਦੀਆਂ ਸਮੱਸਿਆਵਾਂ ਖਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਮਗਰੋਂ ਸਾਲ 2021 ਵਿੱਚ ਕਾਂਗਰਸ ਪਾਰਟੀ ਨੇ ਵੀ ਇਹੋ ਗੱਲ ਦੁਰਹਾਈ ਸੀ ਪਰ ਇਹ ਦਾਅਵੇ ਹਕੀਕਤ ਵਿੱਚ ਨਹੀਂ ਬਦਲ ਸਕੇ ਹਨ। ਲੋਕ ਆਖਦੇ ਹਨ ਕਿ ਦੀ ਸਫਾਈ ਤੇ ਕਰੋੜਾਂ ਰੁਪਏ ਖਰਚਾ ਕਰਨ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਅਤੇ ਮੁਹੱਲਿਆਂ ਵਿੱਚ ਫਿਰਦਾ ਬਦਬੂਦਾਰ ਪਾਣੀ ਅਕਸਰ ਹੀ ਦੇਖਿਆ ਜਾ ਸਕਦਾ ਹੈ।
ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਠਿੰਡਾ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਸਬਜਬਾਗ ਦਿਖਾਉਂਦੀ ਆ ਰਹੀ ਹੈ ਪਰ ਨਰਕ ਹੰਢਾ ਰਹੇ ਬਠਿੰਡਾ ਵਾਸੀਆਂ ਨੂੰ ਕਦੇ ਵੀ ਠੰਢੀ ਹਵਾ ਦਾ ਬੁੱਲਾ ਨਹੀਂ ਆਇਆ ਹੈ । ਸ਼ਹਿਰ ਦੇ ਕਈ ਗਲੀ ਮੁਹੱਲਿਆਂ ਵਿੱਚ ਤਾਂ ਸੀਵਰੇਜ਼ ਦੇ ਮੁੱਦੇ ਤੇ ਕਈ ਵਾਰ ਰੌਲੇ ਰੱਪੇ ਵੀ ਪੈ ਚੁੱਕੇ ਹਨ ਅਤੇ ਜਰਨਲ ਹਾਊਸ ਵਿੱਚ ਹੰਗਾਮਾ ਵੀ ਹੁੰਦਾ ਰਹਿੰਦਾ ਹੈ ਫਿਰ ਵੀ ਸਥਿਤੀ ’ਚ ਕੋਈ ਮੋੜਾ ਨਹੀਂ ਪੈ ਸਕਿਆ ਹੈ। ਇਸ ਮਾਮਲੇ ਨੂੰ ਡੂੰਘਾਈ ਨਾਲ ਜਾਨਣ ਲਈ ਰਤਾ ਪਿਛੋਕੜ ’ਚ ਚੱਲਦੇ ਹਾਂ ਜਦੋਂ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਸਿਆਸੀ ਲਾਹੇ ਖਾਤਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਲ 2013 ਦੇ ਅਖੀਰ ਵਿੱਚ ਬਠਿੰਡਾ ਨੂੰ ਸੌ ਫੀਸਦੀ ਪਾਣੀ ਤੇ ਸੀਵਰੇਜ਼ ਸਹੂਲਤ ਦੇਣ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਬਣਾਇਆ ਸੀ।
ਇੰਨ੍ਹਾਂ ਚੋਣਾਂ ਦੌਰਾਨ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਤਾਂ ਚੋਣ ਜਿੱਤ ਲਈ ਪਰ ਬਠਿੰਡਾ ’ਚ ਅਕਾਲੀ ਦਲ ਨੂੰ ਅਣਕਿਆਸੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਫੀ ਸਮਾਂ ਬਾਅਦ ਨਗਰ ਨਿਗਮ ਨੇ ਇਹ ਬਹੁ ਕਰੋੜੀ ਪ੍ਰਜੈਕਟ ਤ੍ਰਿਵੈਣੀ ਕੰਪਨੀ ਹਵਾਲੇ ਕਰ ਦਿੱਤਾ ਗਿਆ ਜੋ ਉਦੋਂ ਤੋਂ ਲੈਕੇ ਹੁਣ ਤੱਕ ਇਹ ਕੰਮ ਕਰਦੀ ਆ ਰਹੀ ਹੈ ਪਰ ਸਮੱਸਿਆ ਜਿਓਂ ਦੀ ਤਿਓਂ ਬਣੀ ਹੋਈ ਹੈ । ਸਾਲ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਇੱਕ ਵਾਰ ਫਿਰ ਤੋਂ ਇਹ ਮਸਲਾ ਉੱਠਿਆ ਤਾਂ ਉਦੋਂ ਦੇ ਬਠਿੰਡਾ ਹਲਕੇ ਤੋਂ ਵਿਧਾਇਕ ਤੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਮੇਤ ਸਮੂਹ ਕਾਂਗਰਸੀ ਲੀਡਰਸ਼ਿਪ ਨੇ ਇਸ ਸਮੱਸਿਆ ਤੋਂ ਨਿਜਾਤ ਦਿਵਾਾਉਣ ਦਾ ਵਾਅਦਾ ਕੀਤਾ ਸੀ। ਹੁਣ ਜਦੋਂ ਨਗਰ ਨਿਗਮ ਦੀ ਮਿਆਦ ਸਿਰਫ ਸਵਾ ਕੁ ਸਾਲ ਬਾਕੀ ਰਹਿ ਗਈ ਹੈ ਤਾਂ ਦਿੱਕਤਾਂ ਅਜੇ ਵੀ ਮੁੱਕੀਆਂ ਨਹੀਂ ਹਨ।
ਕੈਂਸਰ ਨਾਲੋਂ ਗੰਭੀਰ ਸੀਵਰੇਜ਼ ਸਮੱਸਿਆ
ਜਮਹੂਰੀ ਅਧਿਕਾਰ ਸਭਾ ਬਠਿੰਡਾ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਸੀਵਰੇਜ਼ ਦੀ ਸਮੱਸਿਆ ਕੈਂਸਰ ਤੋਂ ਵੀ ਭਿਆਨਕ ਬਣੀ ਹੋਈ ਹੈ ਜਿਸ ਦੀ ਗੰਦਗੀ ਤੋਂ ਜਿਆਦਾਤਰ ਇਲਾਕੇ ਤੰਗ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਕੀਤੇ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਇਸ ਸਮੱਸਿਆ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੀਵਰੇਜ਼ ਸੰਕਟ ਦਾ ਢੁੱਕਵਾਂ ਹੱਲ ਨਾ ਹੋਇਆ ਤਾਂ ਲੋਕ ਕਦੀ ਸੰਘਰਸ਼ ਦਾ ਅਜਿਹਾ ਰਸਤਾ ਅਖਤਿਆਰ ਕਰਨਗੇ ਜਿਸ ਤੋਂ ਨਗਰ ਨਿਗਮ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਣਾ ਹੈ।
ਠੋਸ ਯੋਜਨਾਬੰਦੀ ਦੀ ਲੋੜ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਬਿਨਾਂ ਕਿਸੇ ਠੋਸ ਯੋਜਨਾਬੰਦੀ ਦੇ ਲਾਗੂ ਕੀਤੇ ਜਾ ਰਹੇ ਪ੍ਰਜੈਕਟ ਲੋਕਾਂ ਲਈ ਤਕਲੀਫਦੇਹ ਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਸ਼ਹਿਰ ਦੀ ਵਧ ਰਹੀ ਅਬਾਦੀ ਦੇ ਲਿਹਾਜ ਨਾਲ ਯੋਜਨਾ ਨਹੀਂ ਬਣਾਈ ਜੋ ਬਨਾਉਣੀ ਚਾਹੀਦੀ ਸੀ । ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕੋਈ ਇਲਾਕਾ ਵੀ ਅਜਿਹਾ ਨਹੀਂ ਹੈ ਜਿਸ ਪਾਸੇ ਸੀਵੇਰਜ ਦੇ ਓਵਰਫਲੋ ਦੀਆਂ ਸ਼ਕਾਇਤਾਂ ਨਾ ਆਉਂਦੀਆਂ ਹੋਣ ਜੋਕਿ ਚਿੰਤਾਜਨਕ ਹੈ।
ਸਮੱਸਿਆ ਤੇ ਫੋਕਸ: ਮੇਅਰ
ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਦਾ ਕਹਿਣਾ ਸੀ ਕਿ ਪਾਣੀ ਦੀ ਪੂਰਤੀ ਅਤੇ ਸੀਵਰੇਜ਼ ਸਮੱਸਿਆ ਦਾ ਹੱਲ ਉਨ੍ਹਾਂ ਦੇ ਤਰਜੀਹੀ ਏਜੰਡੇ ਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਢੁੱਕਵੀਂ ਯੋਜਨਾਬੰਦੀ ਕਰਕੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਏਗਾ।