ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪੰਜਾਬ ਦੇ ਟਰੈਵਲ ਏਜੰਟਾਂ ਖਿਲਾਫ ਹੋਵੇਗੀ ਸਖਤ ਕਾਰਵਾਈ - ਧਾਲੀਵਾਲ (ਵੀਡੀਓ ਵੀ ਦੇਖੋ)
ਗੁਰਪ੍ਰੀਤ ਸਿੰਘ
- ਅਮਰੀਕਾ ਤੋਂ ਡਿਪੋਰਟ ਹੋਏ ਕੇਸਾਂ ਵਿਚ ਟਰੈਵਲ ਏਜੰਟ ਖਿਲਾਫ ਹੋਇਆ ਕੇਸ ਦਰਜ
ਅੰਮ੍ਰਿਤਸਰ, 7 ਫਰਵਰੀ 2025 - ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪੰਜਾਬ ਦੇ ਟਰੈਵਲ ਏਜੈਂਟਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹ ਗੋਰਖ ਧੰਦਾ ਸਦਾ ਲਈ ਬੰਦ ਕਰਵਾਇਆ ਜਾਵੇਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬ ਵਾਸੀਆਂ ਦੇ ਕੇਸਾਂ ਦੀ ਵਿਥਿਆ ਸੁਣ ਕੇ ਮਨ ਬਹੁਤ ਭਾਵਕ ਹੋਇਆ ਹੈ ਕਿ ਕਿਸ ਤਰ੍ਹਾਂ ਠੱਗ ਟਰੈਵਲ ਏਜੰਟਾਂ ਨੇ ਇਹਨਾਂ ਭੋਲੇ ਭਾਲੇ ਲੋਕਾਂ ਦੀ ਲੁੱਟ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/970197381874611
ਉਹਨਾਂ ਕਿਹਾ ਕਿ ਸਧਾਰਨ ਪਰਿਵਾਰਾਂ ਕੋਲੋਂ 50-60 ਲੱਖ ਰੁਪਿਆ ਠੱਗਿਆ ਗਿਆ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਦਾਇਤ ਕੀਤੀ ਹੈ ਕਿ ਇਹਨਾਂ ਮਨੁੱਖੀ ਤਸਕਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਉਹਨਾਂ ਦੀਆਂ ਹਦਾਇਤਾਂ ਉਥੇ ਅਮਲ ਕਰਦੇ ਹੋਏ ਕੱਲ ਇੱਕ ਟਰੈਵਲ ਏਜੈਂਟ ਸਤਨਾਮ ਸਿੰਘ ਵਾਸੀ ਕੋਟਲੀ ਖਹਿਰਾ ਵਿਰੁੱਧ ਥਾਣਾ ਭਿੰਡੀ ਸੈਦਾਂ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਵਿਰੁੱਧ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਿਸ ਵੀ ਟਰੈਵਲ ਏਜੰਟ ਨੇ ਤੁਹਾਡੇ ਕੋਲੋਂ ਪੈਸੇ ਲਏ ਹਨ ਅਤੇ ਤੁਹਾਨੂੰ ਠੱਗਿਆ ਹੈ, ਉਸ ਦੇ ਖਿਲਾਫ ਪ੍ਰਵਾਸੀ ਭਾਰਤੀ ਮਾਮਲਿਆਂ ਕੋਲੇ ਸ਼ਿਕਾਇਤ ਦਰਜ ਕਰਾਓ, ਤਾਂ ਜੋ ਅਸੀਂ ਉਸ ਵਿਰੋਧ ਠੋਸ ਕਾਰਵਾਈ ਯਕੀਨੀ ਬਣਾ ਸਕੀਏ।
ਧਾਲੀਵਾਲ ਨੇ ਦੱਸਿਆ ਕਿ ਮਨੁੱਖੀ ਤਸਕਰੀ ਦਾ ਇਹ ਨੈਟਵਰਕ ਬਹੁਤ ਵੱਡਾ ਹੈ ਜੋ ਕਿ ਦੇਸ਼ ਦੇ ਪਿੰਡਾਂ ਤੋਂ ਲੈ ਕੇ ਦੁਨੀਆਂ ਭਰ ਦੇ ਵੱਡੇ ਮਹਾਂ ਨਗਰਾਂ ਤੱਕ ਫੈਲਿਆ ਹੋਇਆ ਹੈ ਅਤੇ ਇਸ ਦੀਆਂ ਜੜਾਂ ਬਹੁਤ ਮਜਬੂਤ ਹਨ ਪਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਤਹਈਆ ਕੀਤਾ ਹੈ ਕਿ ਪੰਜਾਬ ਵਿੱਚੋਂ ਉਸਦੀਆਂ ਜੜਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਜਿਸ ਦੀ ਅਸੀਂ ਸ਼ੁਰੂਆਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਠੱਗਣ ਵਾਲੇ ਅਤੇ ਗੁੰਮਰਾਹ ਕਰਨ ਵਾਲੇ ਇਹਨਾਂ ਮਨੁੱਖੀ ਤਸਕਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹਨਾਂ ਦੇ ਦਫਤਰ ਸੀਲ ਕੀਤੇ ਜਾਣਗੇ।