ਚਾਈਨਾ ਡੋਰ ਵੇਚਣ ਵਾਲੇ ਨਹੀਂ ਬਖਸ਼ੇ ਜਾਣਗੇ: ਡੀਐਸਪੀ ਦਾਖਾ
ਦੀਪਕ ਜੈਨ
ਮੁੱਲਾਪੁਰ ਦਾਖਾ 22 ਜਨਵਰੀ 2025 - ਚਾਈਨਾ ਡੋਰ ਨਾਲ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਮਾਨਯੋਗ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਵੇਚਣ ਤੇ ਵਰਤਣ ਪਰ ਪੂਰਨ ਤੇਰ ਪਰ ਪਾਬੰਦੀ ਲਗਾਈ ਹੋਈ ਹੈ, ਜਿਸ ਸਬੰਧੀ ਪੰਜਾਬ ਪੁਲਿਸ ਲੁਧਿਆਣਾ ਦਿਹਾਤੀ ਦੇ ਨਵਨੀਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ ਹੇਠ, ਪਰਮਿੰਦਰ ਸਿੰਘ ਐਸ.ਪੀ (ਡੀ) ਲੁਧਿਆਣਾ (ਦਿਹਾਤੀ) ਜੀ ਦੀ ਸੁਪਰਵੀਜਨ ਅਧੀਨ ਡੀਐਸਪੀ ਵਰਿੰਦਰ ਸਿੰਘ ਖੋਸਾ ਦਾਖਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਆਈ ਜਸਵਿੰਦਰ ਸਿੰਘ, ਮੁੱਖ ਅਫਸਰ, ਥਾਣਾ ਸੁਧਾਰ ਅਤੇ ਥਾਣਾ ਸੁਧਾਰ ਦੀ ਪੁਲਿਸ ਪਾਰਟੀ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ|
ਇਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਪਿੰਡ ਹਲਵਾਰਾ ਦੀ ਮੇਨ ਰੋਡ ਪਰ ਰਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਲਿੱਤਰ, ਥਾਣਾ ਸਦਰ ਰਾਏਕੋਟ ਨੂੰ ਉਸਦੀ ਪਿੰਡ ਲਿੱਤਰ ਪਲਾਸਟਿਕ ਸਟੋਰ ਨਾਮ ਦੀ ਦੁਕਾਨ ਵਿੱਚੋਂ ਉਸਨੂੰ ਚਾਇਨਾ ਡੋਰ ਵੇਚਦਾ ਰੰਗੇ ਹੱਥੀ ਕਾਬੂ ਕੀਤਾ ਗਿਆ। ਜਿਸ ਪਾਸੋਂ ਚਾਈਨਾ ਡੋਰ ਦੇ 11 ਚਰਖੜੇ ਬ੍ਰਾਮਦ ਕਰਕੇ ਥਾਣਾ ਸੁਧਾਰ ਵਿਖੇ ਮੁਕੱਦਮਾ ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ। ਡੀ.ਐਸ.ਪੀ ਖੋਸਾ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ ਗਈ ਕਿ ਉਹ ਆਪਣਾ ਇਹ ਗੋਰਖਧੰਦਾ ਬੰਦ ਕਰ ਲੈਣ ਨਹੀ ਤਾਂ ਕਾਨੂੰਨੀ ਕਾਰਵਾਈ ਭੁਗਤਣ ਲਈ ਤਿਆਰ ਰਹਿਣ।
ਉਹਨਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਜੋ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀ.ਐਸ.ਪੀ ਖੋਸਾ ਵੱਲੋਂ ਦੱਸਿਆ ਗਿਆ ਕਿ ਚਾਈਨਾ ਡੋਰ ਨਾਲ ਇਨਸਾਨੀ ਜਾਨ ਨੂੰ ਤਾਂ ਖਤਰਾ ਹੁੰਦਾ ਹੀ ਹੈ ਪ੍ਰੰਤੂ ਇਹ ਚਾਈਨਾ ਡੋਰ ਪੰਛੀਆਂ ਲਈ ਵੀ ਬਹੁਤ ਖਤਰਨਾਕ ਹੈ। ਡੀ.ਐਸ.ਪੀ ਖੋਸਾ ਵੱਲੋਂ ਸਬ-ਡਵੀਜ਼ਨ ਦਾਖਾ ਅਧੀਨ ਆਉਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਹਨਾਂ ਦੇ ਏਰੀਆ ਵਿੱਚ ਕੋਈ ਚਾਈਨਾ ਡੋਰ ਵੇਚਦਾ ਹੈ, ਤਾਂ ਉਹ ਉਸਦੀ ਸੂਚਨਾ ਪੁਲਿਸ ਪਾਸ ਦੇਣ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।