ਸੇਲਿਬ੍ਰਿਟੀ ਕ੍ਰਿਕੇਟ ਲੀਗ (ਸੀਸੀਐਲ) ਨੇ ਪੰਜਾਬ ਦੇ ਸ਼ੇਰ ਨਾਲ ਆਪਣੇ ਨਵੇਂ ਸੀਜ਼ਨ ਦਾ ਕੀਤਾ ਐਲਾਨ, ਮੋਹਾਲੀ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ
- ਖੇਤਰੀ ਫਿਲਮ ਉਦਯੋਗ ਦੇ ਲਗਭਗ 200 ਸਿਨੇ ਸਿਤਾਰੇ 31 ਜਨਵਰੀ ਤੋਂ ਆਪਣੀ ਕ੍ਰਿਕਟ ਪ੍ਰਤਿਭਾ ਦਾ ਕਰਨਗੇ ਪ੍ਰਦਰਸ਼ਨ
ਮੋਹਾਲੀ, 8 ਜਨਵਰੀ 2025 - 31 ਜਨਵਰੀ, 2025 ਤੋਂ ਵਿਸ਼ਵ ਪੱਧਰੀ ਖੇਡ ਕ੍ਰਿਕਟ ਰਾਹੀਂ ਸਿਨੇ ਸਿਤਾਰਿਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਜੋੜਨ ਲਈ ਤਿਆਰ ਕੀਤੀ ਗਈ ਸੈਲੀਬ੍ਰਿਟੀ ਕ੍ਰਿਕਟ ਲੀਗ (ਸੀ.ਸੀ.ਐਲ.) ਵਾਪਸ ਆ ਰਹੀ ਹੈ। ਇਸ ਦਾ ਸ਼ਾਨਦਾਰ ਉਦਘਾਟਨ ਹੈਦਰਾਬਾਦ 'ਚ ਹੋਵੇਗਾ। ਲਗਭਗ ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਦੇ ਅੱਠ ਖੇਤਰੀ ਫਿਲਮ ਉਦਯੋਗਾਂ ਦੇ 200 ਸਿਨੇ ਸਿਤਾਰੇ ਆਪਣੀ ਕ੍ਰਿਕਟ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।
ਪੀਸੀਏ ਮੋਹਾਲੀ ਵਿਖੇ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸ਼ੇਰ ਦੇ ਕੋ - ਓਨਰਸ ਨਵਰਾਜ ਹੰਸ ਅਤੇ ਪੁਨੀਤ ਸਿੰਘ ਨੇ ਟੀਮ ਮੈਨੇਜਮੈਂਟ ਦੇ ਨਾਲ ਦੱਸਿਆ ਕਿ ਉਨ੍ਹਾਂ ਦੀ ਟੀਮ 2016 ਤੋਂ ਸੀਸੀਐਲ ਵਿੱਚ ਭਾਗ ਲੈ ਰਹੀ ਹੈ । ਟੂਰਨਾਮੈਂਟ 31 ਜਨਵਰੀ ਨੂੰ ਹੈਦਰਾਬਾਦ ਵਿੱਚ ਸ਼ੁਰੂ ਹੋਵੇਗਾ ਅਤੇ ਵਿਸ਼ਾਖਾਪਟਨਮ ਵਿੱਚ 23 ਫਰਵਰੀ ਨੂੰ ਸਮਾਪਤ ਹੋਵੇਗਾ। ਸਾਰੀਆਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਘਰੇਲੂ ਟੀਮ ਪੰਜਾਬ ਦੇ ਸ਼ੇਰ ਚਾਰ ਲੀਗ ਮੈਚ ਖੇਡ ਰਹੀ ਹੈ। ਮੋਹਾਲੀ 15 ਅਤੇ 16 ਫਰਵਰੀ ਨੂੰ ਸੀਸੀਐਲ ਦੇ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਪੰਜਾਬ ਦੇ ਸ਼ੇਰ ਦੀ ਕਪਤਾਨੀ ਪ੍ਰਸਿੱਧ ਸੋਸ਼ਲ ਵਰਕਰ ਅਤੇ ਸਿਨੇਸਟਾਰ ਸੋਨੂੰ ਸੂਦ ਕਰਨਗੇ। ਟੀਮ ਦੇ ਹੋਰ ਮੈਂਬਰਾਂ ਵਿੱਚ ਪੋਲੀਵੁੱਡ ਸਟਾਰ ਬਿੰਨੂ ਢਿੱਲੋਂ, ਅਪਾਰਸ਼ਕਤੀ ਖੁਰਾਣਾ, ਨਵਰਾਜ ਹੰਸ, ਗੁਰਪ੍ਰੀਤ ਗੁੱਗੀ, ਹਾਰਡੀ ਸੰਧੂ, ਬੱਬਲ ਰਾਏ, ਜੱਸੀ ਗਿੱਲ, ਨਿੰਜਾ, ਦੇਵ ਖਰੋੜ, ਮਨਮੀਤ ਸਿੰਘ (ਮੀਤ ਬ੍ਰਦਰਜ਼), ਸੁਯਾਸ ਰਾਏ, ਕਰਨ ਵਾਹੀ, ਦਕਸ਼ ਅਜੀਤ ਸਿੰਘ, ਗੈਵੀ ਚਾਹਲ, ਮਯੂਰ ਮਹਿਤਾ, ਅਨੁਜ ਖੁਰਾਣਾ ਅਤੇ ਰਾਹੁਲ ਜੇਤਲੀ ਸ਼ਾਮਲ ਹਨ। ਟੀਮ ਨੂੰ ਉੱਘੇ ਕੋਚ ਅਮਿਤ ਉਨਿਆਲ ਵੱਲੋਂ ਕੋਚਿੰਗ ਦਿੱਤੀ ਜਾ ਰਹੀ ਹੈ।
ਸੀਸੀਐਲ ਦੇ ਪਿਛਲੇ ਐਡੀਸ਼ਨਾਂ ਦੇ ਤਜ਼ਰਬਿਆਂ ਦੀ ਜਾਣਕਾਰੀ ਦਿੰਦੇ ਹੋਏ, ਪੁਨੀਤ ਸਿੰਘ ਨੇ ਕਿਹਾ ਕਿ ਇਸ ਬਹੁਤ ਜ਼ਿਆਦਾ ਉਡੀਕ ਵਾਲੇ ਈਵੈਂਟ ਨੇ ਦੇਸ਼ ਭਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵਿਆਪਕ ਪਹੁੰਚ ਪ੍ਰਾਪਤ ਕੀਤੀ ਹੈ ਅਤੇ ਵਿਸ਼ਵ ਪੱਧਰ 'ਤੇ ਲਗਭਗ 250 ਮਿਲੀਅਨ ਲੋਕਾਂ ਤੱਕ ਪਹੁੰਚ ਕੀਤੀ ਹੈ ਅਤੇ ਇੱਕ ਸਦੀਵੀ ਪ੍ਰਭਾਵ ਛੱਡਿਆ ਹੈ ।
ਉਨ੍ਹਾਂ ਨੇ ਆਗਾਮੀ ਸੀਸੀਐਲ ਸੀਜ਼ਨ ਤੋਂ ਪਹਿਲਾਂ ਟੀਮ ਦੀਆਂ ਤਿਆਰੀਆਂ ਅਤੇ ਯੋਜਨਾ ਬਾਰੇ ਵੀ ਚਾਨਣਾ ਪਾਇਆ। ਟੀਮ ਮੁਹਾਲੀ ਅਤੇ ਚੰਡੀਗੜ੍ਹ ਵਿੱਚ ਕਾਰਪੋਰੇਟ ਘਰਾਣਿਆਂ ਨਾਲ ਵੱਖ-ਵੱਖ ਪ੍ਰਦਰਸ਼ਨੀ ਮੈਚਾਂ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਪੰਜਾਬ ਭਰ ਦੀਆਂ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਮੈਚਾਂ ਦੌਰਾਨ ਵੱਧ ਤੋਂ ਵੱਧ ਸਹਿਯੋਗ ਦੇਣ। ਸਾਰੇ ਸੀਸੀਐਲ ਲੀਗ ਮੈਚ, ਪਲੇ-ਆਫ ਮੈਚ ਅਤੇ ਇੱਕ ਫਾਈਨਲ ਮੈਚ ਭਾਰਤ ਦੇ ਚੋਟੀ ਪ੍ਰਸਾਰਣ ਚੈਨਲ - ਸੋਨੀ ਸਪੋਰਟਸ ਨੈੱਟਵਰਕ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
ਸੀਸੀਐਲ ਦੀ ਸ਼ੁਰੂਆਤ ਵਿਜ਼ਾਗ ਵਿੱਚ ਸਾਲ 2011 ਵਿੱਚ ਕੀਤੀ ਗਈ ਸੀ। ਜਦੋਂ 2014 ਵਿੱਚ ਅੱਠ ਟੀਮਾਂ ਦੇ ਨਾਲ ਸੀਸੀਐਲ ਦਾ ਵਿਸਤਾਰ ਹੋਇਆ, ਤਾਂ ਸਚਿਨ ਤੇਂਦੁਲਕਰ ਵਰਗੇ ਕ੍ਰਿਕੇਟ ਦਿੱਗਜ ਇਸਦੇ ਉਦਘਾਟਨ ਸਮਾਰੋਹ ਦਾ ਹਿੱਸਾ ਸਨ।
ਇਸ ਤੋਂ ਪਹਿਲਾਂ, ਸੰਸਦ ਮੈਂਬਰ ਮੀਤ ਹੇਅਰ ਦੀ ਅਗਵਾਈ ਵਾਲੀ ਸੁਪਰ ਇਲੈਵਨ ਨੇ ਪੀਸੀਏ, ਮੋਹਾਲੀ ਵਿਖੇ ਆਖਰੀ ਗੇਂਦ ਦੇ ਰੋਮਾਂਚਕ ਮੈਚ ਵਿੱਚ ਪੰਜਾਬ ਦੇ ਸ਼ੇਰ ਨੂੰ ਪੰਜ ਵਿਕਟਾਂ ਨਾਲ ਹਰਾਇਆ।