ਪੀਏਯੂ ਨੇ ਗੇਟ ਨੰਬਰ 1 ਤੇ ਬੂਮ ਬੈਰੀਅਰ ਲਾ ਕੇ ਅਹਿਮ ਪਹਿਲਕਦਮੀ ਕੀਤੀ
ਲੁਧਿਆਣਾ, 08 ਜਨਵਰੀ,2025
ਸਹਾਇਕ ਪੁਲਿਸ ਕਮਿਸ਼ਨਰ ਸ: ਗੁਰਦੇਵ ਸਿੰਘ ਅਤੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੱਲ੍ਹ ਪੀ ਏ ਯੂ ਲੁਧਿਆਣਾ ਵਿੱਚ ਆਵਾਜਾਈ ਦੀ ਦ੍ਰਿਸ਼ਟੀ ਤੋਂ ਅਹਿਮ ਪਹਿਲਕਦਮੀ ਨੂੰ ਅੰਜਾਮ ਦੇਣ ਲਈ ਗੇਟ ਨੰਬਰ 1 ਵਿਖੇ ਸਵੈ ਚਾਲਤ ਬੂਮ ਬੈਰੀਅਰ ਦਾ ਉਦਘਾਟਨ ਕੀਤਾ । ਇਹ ਸਮਾਰੋਹ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਸੰਦਰਭ ਵਿਚ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਅਮਲੇ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਕਦਮ ਨੂੰ ਕੈਂਪਸ ਵਿਚ ਆਵਾਜਾਈ ਪ੍ਰਬੰਧਨ ਦੇ ਆਧੁਨਿਕੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਸਕਦਾ ਹੈ।
ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਕਿ ਆਰ ਐੱਫ ਆਈ ਡੀ-ਸਮਰੱਥਾ ਵਾਲੇ ਬੂਮ ਬੈਰੀਅਰ ਸਿਸਟਮ ਵਿੱਚ ਅਜਿਹੇ ਸਕੈਨਰ ਹਨ ਜੋ ਆਰ ਐੱਫ ਆਈ ਡੀ ਸਟਿੱਕਰਾਂ ਵਾਲੇ ਯੂਨੀਵਰਸਿਟੀ ਵਾਹਨਾਂ ਲਈ ਆਪਣੇ ਆਪ ਹੀ ਰੁਕਾਵਟ ਨੂੰ ਚੁੱਕ ਦਿੰਦੇ ਹਨ। ਗੈਰ-ਯੂਨੀਵਰਸਿਟੀ ਵਾਹਨਾਂ ਦੀ ਵੱਖਰੇ ਤੌਰ 'ਤੇ ਨਿਗਰਾਨੀ ਕਰਕੇ ਸੁਚਾਰੂ ਅਤੇ ਸੁਰੱਖਿਅਤ ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਸਹਾਇਕ ਪੁਲਿਸ ਕਮਿਸ਼ਨਰ ਸ: ਗੁਰਦੇਵ ਸਿੰਘ ਨੇ ਪੀਏਯੂ ਵੱਲੋਂ ਅਜਿਹੇ ਨਿਵੇਕਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਯੋਗਤਾ ਵਾਲਾ ਇਹ ਪ੍ਰਬੰਧ ਆਵਾਜਾਈ ਵਿੱਚ ਅਨੁਸ਼ਾਸਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਵਾਸਤੇ ਯੂਨੀਵਰਸਿਟੀ ਨੇ ਹੋਰ ਸੰਸਥਾਵਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਇਸ ਮੌਕੇ 'ਤੇ ਬੋਲਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੈਂਪਸ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਵਧਾਉਣ ਲਈ ਪੀਏਯੂ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਇਹ ਪਹਿਲਕਦਮੀ ਬਿਹਤਰ ਪ੍ਰਸ਼ਾਸਨ ਅਤੇ ਸੁਰੱਖਿਆ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਉੱਪਰ ਕੇਂਦਰਿਤ ਹੈ। ਬੂਮ ਬੈਰੀਅਰਾਂ ਨੂੰ ਆਵਾਜਾਈ ਨੂੰ ਢੁਕਵੀਂ ਬਣਾਉਣ ਅਤੇ ਵਾਹਨਾਂ ਦੀ ਗੈਰ ਜ਼ਰੂਰੀ ਆਮਦ ਪਹੁੰਚ ਨੂੰ ਰੋਕਣ ਦੇ ਨਾਲ ਕੈਂਪਸ ਵਿੱਚ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨ ਯੂਨੀਵਰਸਿਟੀ ਦੀ ਸ਼ਕਤੀ ਹਨ ਅਤੇ ਕਿਸਾਨ ਮੇਲਿਆਂ ਵਰਗੇ ਸਮਾਗਮਾਂ ਦੌਰਾਨ ਕਿਸਾਨਾਂ ਦੀ ਆਮਦ ਦਾ ਸਵਾਗਤ ਰਹੇਗਾ।
ਬੂਮ ਬੈਰੀਅਰਾਂ ਦੇ ਵਰਟੀਕਲ ਓਪਰੇਸ਼ਨ ਬਾਰੇ ਪੀ ਏ ਯੂ ਦੇ ਮਿਲਖ ਅਧਿਕਾਰੀ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਇਹ ਤਰੀਕਾ ਵਾਹਨਾਂ ਦੀ ਆਮਦ ਨੂੰ ਨਿਯੰਤਰਿਤ ਕਰਨ ਅਤੇ ਲਾਜ਼ਮੀ ਵਾਹਨਾਂ ਦੇ ਨਿਰਵਿਘਨ ਆਵਾਜਾਈ ਨੂੰ ਸਹੂਲਤ ਪ੍ਰਦਾਨ ਕਰਦਾ ਹੈ। ਯੂਨੀਵਰਸਿਟੀ ਦੇ ਕੰਮਕਾਜ ਦੇ ਸਿਖ਼ਰਲੇ ਸਮੇਂ ਦੌਰਾਨ ਇਹ ਬੂਮ ਬੈਰੀਅਰ ਖਾਸ ਤੌਰ 'ਤੇ ਲਾਭਦਾਇਕ ਹਨ ਇਨ੍ਹਾਂ ਨਾਲ ਭੀੜ-ਭੜੱਕੇ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਸਫਲਤਾ ਮਿਲਣ ਦੀ ਸੰਭਾਵਨਾ ਹੈ । ਇਸ ਤੋਂ ਇਲਾਵਾ, ਲਾਇਸੈਂਸ ਪਲੇਟ ਪਛਾਣ ਵਰਗੀਆਂ ਉੱਨਤ ਖ਼ਾਸੀਅਤਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਹੋਰ ਸਪਸ਼ਟ ਕੰਮ ਦ ਵਸੀਲਾ ਬਣ ਸਕਦੀਆਂ ਹਨ।
ਪੀਏਯੂ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਗੁਰਨੀਤ ਸਿੰਘ ਨੇ ਪ੍ਰੋਜੈਕਟ ਦੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਸਿਸਟਮ ਉਸਾਰੂ ਅਤੇ ਢੁਕਵਾਂ ਹੈ ਅਤੇ ਆਰ ਐੱਫ ਆਈ ਡੀ ਰੀਡਰ ਅਤੇ ਆਟੋਮੇਟਿਡ ਮਾਨੀਟਰਿੰਗ ਵਿਧੀ ਨਾਲ ਲੈਸ ਹੈ। ਇਹ ਤਿੰਨ-ਪੱਧਰਾਂ ਤੇ ਕੰਮ ਨੂੰ ਅੰਜਾਮ ਦਿੰਦਾ ਹੈ ਅਤੇ ਇਸਦਾ ਉਦੇਸ਼ ਟ੍ਰੈਫਿਕ ਨੂੰ ਨਿਯਮਤ ਕਰਨ, ਵਾਹਨਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਅਤੇ ਦਾਖਲਾ ਬਿੰਦੂਆਂ 'ਤੇ ਆਮ ਨਿਗਰਾਨੀ ਪ੍ਰਦਾਨ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੇਟ ਨੰਬਰ 2 ਅਤੇ 4 'ਤੇ ਵੀ ਇਸ ਪ੍ਰਬੰਧ ਦੀ ਸਥਾਪਨਾ ਦੇ ਕਾਰਜ ਚੱਲ ਰਹੇ ਹਨ।