ਵਿਰਾਸਤੀ ਹਲਵੇ ਵਜੋਂ ਲੱਖ ਰੁਪਏ ਦੀਆਂ ਗਾਜਰਾਂ ਰਗੜਗੇ ਮੇਲੀ
ਮੇਲਾ ਜਾਗਦੇ ਜੁਗਨੂੰਆਂ ਦਾ ਦੇ ਤੱਥ
ਅਸ਼ੋਕ ਵਰਮਾ
ਬਠਿੰਡਾ, 9 ਦਸੰਬਰ 2024: ਬਠਿੰਡਾ ’ਚ ਐਤਵਾਰ ਸ਼ਾਮ ਨੂੰ ਸਮਾਪਤ ਹੋਏ ਮੇਲਾ ਜਾਗਦੇ ਜੁਗਨੂੰਆਂ ਦੌਰਾਨ ਲੱਗੇ ਖਾਣ ਪੀਣ ਵਾਲੇ ਸਟਾਲਾਂ ਤੇ ਪੰਜਾਬ ਦੇ ਵਿਰਾਸਤੀ ਪਵਕਾਨ ਦੇ ਤੌਰ ਤੇ ਇਕੱਲੇ ਗਾਜਰ ਦੇ ਹਲਵੇ ਦੇ ਰੂਪ ’ਚ ਖਾਣਿਆਂ ਦੇ ਸ਼ੌਕੀਨ ਬਠਿੰਡਵੀਆਂ ਨੇ ਚਾਰ ਦਿਨਾਂ ਦੌਰਾਨ ਤਕਰੀਬਨ ਇੱਕ ਲੱਖ ਰੁਪਿਆ ਖਰਚ ਦਿੱਤਾ ਜਦੋਂਕਿ ਬਾਕੀ ਵਸਤਾਂ ਦੀ ਵਿੱਕਰੀ ਇਸ ਤੋਂ ਵੱਖਰੀ ਹੈ। ਬਠਿੰਡਾ ਦੇ ਪੁੱਡਾ ਗਰਾਂਊਂਡ ’ਚ ਲੱਗਿਆ ਇਹ ਚੌਥਾ ਮੇਲਾ ਸੀ ਜਿਸ ਦੇ ਇਹ ਤੱਥ ਹਨ। ਜਾਣਕਾਰੀ ਅਨੁਸਾਰ ਇੱਕ ਪਲੇਟ ਗਾਜਰ ਦਾ ਹਲਵਾ 50 ਰੁਪਏ ਦਾ ਸੀ ਜੋਕਿ ਬੇਸ਼ੱਕ ਉਹ ਓਨਾ ਮਿਆਰੀ ਨਹੀਂ ਸੀ ਜਿੰਨ੍ਹਾਂ ਹੋਣਾ ਚਾਹੀਦਾ ਹੈ ਫਿਰ ਵੀ ਹਲਵੇ ਨੂੰ ਛਕਣ ਵਾਲਿਆਂ ਦੀ ਘਾਟ ਕਿਸੇ ਵੀ ਦਿਨ ਨਹੀਂ ਰੜਕੀ। ਦੇਰ ਸ਼ਾਮ ਨੂੰ ਘਰੋਂ ਖਾਣਾ ਖਾਕੇ ਮੇਲੇ ਵਿੱਚ ਆਉਣ ਵਾਲਿਆਂ ਅਤੇ ਪਤੀ ਪਤਨੀ ਜੋੜਿਆਂ ਲਈ ਗਾਜਰ ਦਾ ਗਰਮ ਹਲਵਾ ਤਾਂ ਪਹਿਲੀ ਪਸੰਦ ਬਣਿਆ ਰਿਹਾ।
ਇਸ ਤੋਂ ਇਲਾਵਾ ਕੜਾਹੀ ਵਿੱਚ ਗਰਮ ਕਰਨ ਲਈ ਰੱਖਿਆ ਮਲਾਈ ਵਾਲਾ ਦੁੱਧ ਵੀ ਤ੍ਰੀਮਤਾਂ ਅਤੇ ਪੁਰਸ਼ਾਂ ਨੂੰ ਬੜੇ ਸੁਆਦ ਨਾਲ ਪੀਂਦੇ ਦੇਖਿਆ ਗਿਆ। ਬਦਲਵੀਂ ਜੀਵਨ ਸ਼ੈਲੀ ਦੇ ਬਾਵਜੂਦ ਮੇਲੇ ਦੌਰਾਨ ਪਕੌੜਿਆਂ ਜਿਸ ਨੂੰ ਪੰਜਾਬੀ ਸੱਭਿਆਚਾਰ ਦੀ ਭਾਸ਼ਾ ’ਚ ਪਤੌੜ ਵੀ ਕਿਹਾ ਜਾਂਦਾ ਹੈ ਦੇ ਸਟਾਲ ਤੇ ਵੀ ਰੋਜ਼ਾਨਾ ਭੀੜ ਦੇਖਣ ਨੂੰ ਮਿਲੀ ਜਿੱਥੇ ਲੋਕਾਂ ਨੇ ਜੰਮ ਕੇ ਆਪਣੇ ਦਿਲ ਦੀਆਂ ਰੀਝਾਂ ਪੂਰੀਆਂ ਕੀਤੀਆਂ। ਇਸ ਸਟਾਲ ਤੇ ਗੋਭੀ ਦੇ ਪਕੌੜਿਆਂ ਨੂੰ ਤਿਆਰ ਕਰਨ ’ਚ ਵਕਤ ਲੱਗਦਾ ਸੀ ਪਰ ਵਿਕ ਅੱਖ ਦੇ ਫੋਰੇ ’ਚ ਜਾਂਦੇ ਸਨ। ਇਸੇ ਤਰਾਂ ਹੀ ਗਰਮਾ ਗਰਮ ਜਲੇਬੀਆਂ ਵੀ ਲੋਕਾਂ ਨੇ ਕਾਫੀ ਸੁਆਦ ਨਾਲ ਖਾਧੀਆਂ। ਖਾਣ ਪੀਣ ਵਾਲੀਆਂ ਵਸਤਾਂ ਨਾਲ ਜੁੜਿਆ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਵੀ ਮੇਲੀਆਂ ਨੂੰ ਇੱਕ ਤਰਾਂ ਨਾਲ ਨਿਆਮਤ ਵਾਂਗ ਜਾਪਿਆ।
ਪੂਰੇ ਮੇਲੇ ਦੌਰਾਨ ਪਕੌੜਿਆਂ ਤੋਂ ਬਾਅਦ ਇਹ ਇਕਲੌਤਾ ਅਜਿਹਾ ਸਟਾਲ ਸੀ ਜਿੱਥੇ ਇੱਕ ਮਿੰਟ ਲਈ ਵੀ ਕੁਰਸੀਆਂ ਖਾਲੀ ਨਜ਼ਰ ਨਹੀਂ ਆਈਆਂ। ਉੱਜ ਠੰਢ ਦੀ ਦਸਤਕ ਅਤੇ ਕੋਈ ਸਟਾਲ ਨਾਂ ਹੋਣ ਕਰਨ ਕੁਲਫੀਆਂ ਦੇ ਸ਼ੌਕੀਨਾਂ ਦੀ ਕੁਲਫੀ ਖਾਣ ਦੀ ਤਲਬ ਨਾਂ ਮਿਟ ਸਕੀ । ਵੱਡੀ ਗੱਲ ਹੈ ਕਿ ਸ਼ਹਿਰ ’ਚ ਵੱਸਣ ਵਾਲਿਆਂ ਦੇ ਘਰੀਂ ਆਏ ਮਹਿਮਾਨਾਂ ਨੂੰ ਮੇਲਾ ਦਿਖਾਉਣ ਦੇ ਰੁਝਾਨ ਨੇ ਨਾਂ ਕੇਵਲ ਖਾਧ ਪਦਾਰਥਾਂ ਦੀ ਵਿੱਕਰੀ ’ਚ ਵਾਧਾ ਕੀਤਾ ਬਲਕਿ ਪ੍ਰਹੁਣਿਆਂ ਦੀ ਬਦੌਲਤ ਮੇਲੇ ਦੀ ਰੌਣਕ ’ਚ ਵੀ ਲੱਗੀਆਂ ਰਹੀਆਂ। ਦੂਜੇ ਪਾਸੇ ਐਤਵਾਰ ਨੂੰ ਸਮਾਪਤੀ ਵਾਲੇ ਦਿਨ ਹਰ ਸਟਾਲ ਤੇ ਨਜ਼ਰ ਅਤੇ ਸੰਚਾਲਕਾਂ ਨੇ ਵੀ ਦਿਲ ਖੋਹਲ ਕੇ ਆਪਣਾ ਸਮਾਨ ਵੇਚਿਆ। ਭਲਾਈਆਣਾ ਦੇ ਯੰਗ ਫਾਰਮਰ ਦੇ ਸਟਾਲ ਤੇ ਪਤੀ ਪਤਨੀ ਜੋੜੇ ਵੱਲੋਂ ਤਿਆਰ ਕੀਤਾ ਗਿਆ ਵੱਖ ਵੱਖ ਕਿਸਮ ਦਾ ਅਚਾਰ ਖਰੀਦਣ ਵਾਲਿਆਂ ਦੀਆਂ ਕਤਾਰ ਲੱਗੀ ਰਹੀ।
ਇਸ ਤੋਂ ਬਿਨਾਂ ਹਰ ਸੈਲਫ ਹੈਲਪ ਗਰੁੱਪ ਦੇ ਸਟਾਲ ਤੇ ਪਾਪੜ ,ਵੜੀਆਂ ਦਾਲਾਂ, ਵੇਸਣ ਸਰ੍ਹੋਂ ਦਾ ਤੇਲ, ਸ਼ਹਿਦ ਅਤੇ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਵੱਖ ਵੱਖ ਪ੍ਰਕਾਰ ਦਾ ਸਮਾਨ ਵੀ ਵਿਕਿਆ। ਇਸ ਪ੍ਰਕਾਰ ਦੀ ਵਿੱਕਰੀ ਅਤੇ ਖਰੀਦਣ ਦੀ ਰੁਚੀ ਨੇ ਸਪਸ਼ਟ ਕੀਤਾ ਕਿ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ ਕਦਰਦਾਨਾਂ ਦੀ ਕਮੀ ਨਹੀਂ ਹੈ। ਅੰਤਿਮ ਦਿਨ ਹੋਣ ਕਾਰਨ ਹਰ ਸਟਾਲ ਵਾਲੇ ਤੇ ਆਪਣਾ ਸਮਾਨ ਖਤਮ ਕਰਨ ਦੀ ਇੱਛਾ ਭਾਰੂ ਰਹੀ ਜਿਸ ਦਾ ਗਾਹਕਾਂ ਨੇ ਵੀ ਸੌਦੇਬਾਜੀ ਰਾਹੀਂ ਭਰਪੂਰ ਫਾਇਦਾ ਉਠਾਇਆ। ਇਹੋ ਪ੍ਰਵਿਰਤੀ ਪੁਸਤਕਾਂ ਦੇ ਸਟਾਲ ਤੇ ਵੀ ਰਹੀ ਜਿੱਥੇ ਪੁਸਤਕਾਂ ਵੀ ਕੀਮਤ ਦੇ ਵਾਧੇ ਘਾਟੇ ਨਾਲ ਵਿਕੀਆਂ। ਬੱਚਿਆਂ ਨੇ ਮੇਲੇ ’ਚ ਲੱਗੇ ਝੂਲਿਆਂ ਆਦਿ ਦਾ ਖੂਬ ਆਨੰਦ ਮਾਣਿਆ। ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਵਿਦਿਆਰਥੀ ਮੁੱਖ ਅਧਿਆਪਕ ਕੁਲਵਿੰਦਰ ਕਟਾਰੀਆ ਦੀ ਅਗਵਾਈ ਹੇਠ ਮੇਲਾ ਦੇਖਣ ਲਈ ਪੁੱਜੇ।
ਵਿਰਸੇ ਵੱਲ ਪਰਤਣਾ ਪਵੇਗਾ
ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪ੍ਰੀਵਾਰ ਨੂੰ ਮੇਲਾ ਦਿਖਾਉਣ ਲਈ ਆਏ ਕੁਲਵੰਤ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਮੇਲੇ ਨੇ ਦਰਸਾਇਆ ਹੈ ਕਿ ਪੀਜ਼ਾ, ਬਰਗਰ ਵਰਗੇ ਖਾਣਿਆਂ ਦੇ ਜਮਾਨੇ ’ਚ ਪੰਜਾਬੀ ਸਾਦੇ ਅਤੇ ਪੌਸ਼ਟਿਕ ਪਦਾਰਥਾਂ ਦੇ ਸ਼ੌਕੀਨ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ ਪੰਜਾਬੀਆਂ ਦੀ ਸਿਹਤ ਖੁਰ ਰਹੀ ਹੈ ਉਨ੍ਹਾਂ ਨੂੰ ਮੱਛੀ ਦੇ ਪੱਥਰ ਚੱਟਕੇ ਮੁੜਨ ਵਾਂਗ ਪੁਰਾਤਨ ਸਮਿਆਂ ਵਾਂਗ ਸਾਦੀ ਅਤੇ ਮਨੁੱਖ ਨੂੰ ਤੰਦੁਰਸਤ ਰੱਖਣ ਵਾਲੀ ਖੁਰਾਕ ਵੱਲ ਪਰਤਣਾ ਹੀ ਪਵੇਗਾ।
ਹੱਥੀਂ ਕੰਮ ਕਰਨ ਦਾ ਰੁਝਾਨ ਘਟਿਆ
ਬਾਬੂਸ਼ਾਹੀ ਵੱਲੋਂ ਇਸ ਮੇਲੇ ਦੌਰਾਨ ਕੀਤੀ ਛਾਣਬੀਣ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਹਨ ਪਰ ਇਸ ਕੰਮ ਲਈ ਆਪਣੇ ਘਰ ਵਿੱਚ ਹੱਥ ਹਿਲਾਉਣ ਤੋਂ ਗੁਰੇਜ਼ ਕਰਦੇ ਹਨ। ਇਸ ਮੌਕੇ ਹਾਜ਼ਰ ਕੁੱਝ ਮਹਿਲਾਵਾਂ ਨੇ ਦੱਸਿਆ ਕਿ ਜੇਕਰ ਘਰ ਬਣਾ ਵੀ ਦੇਈਏ ਤਾਂ ਬੱਚਿਆਂ ਦੇ ਨੱਕ ਹੇਠ ਨਹੀਂ ਆਉਂਦਾ ਹੈ ਜਿਸ ਕਰਕੇ ਮੱਥਾ ਮਾਰਨਾ ਔਖਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਪੋਚ ਨੂੰ ਹੁਣ ਸ਼ਾਇਦ ਮਾਵਾਂ ਦੇ ਹੱਥ ਦਾ ਬਣਿਆ ਸੁਆਦ ਨਹੀਂ ਲੱਗਦਾ ਜਿਸ ਕਰਕੇ ਉਹ ਆਨਲਾਈਨ ਮੰਗਵਾਉਣ ਨੂੰ ਤਰਜੀਹ ਦੇਣ ਲੱਗੇ ਹਨ।
ਵਿਰਾਸਤ ਨਾਲ ਜੁੜਨ ਲੋਕ: ਗਰੇਵਾਲ
ਮੇਲਾ ਜਾਗਦੇ ਜੁਗਨੂੰਆਂ ਦਾ ਦੇ ਪ੍ਰਬੰਧਕ ਹਰਮਿਲਾਪ ਗਰੇਵਾਲ ਦਾ ਕਹਿਣਾ ਸੀ ਕਿ ਮੇਲੇ ਦਾ ਮਕਸਦ ਅਜੋਕੀ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਨਾ ਅਤੇ ਜੁੜਨ ਲਈ ਪ੍ਰੇਰਿਤ ਕਰਨਾ ਹੈ ਜਿਸ ’ਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਤੜਕ ਭੜਕ ਅਤੇ ਫਾਸਟ ਫੂਡ ਦੇ ਯੁੱਗ ਵਿੱਚ ਨਵੇਂ ਪੋਚ ਦਾ ਵਿਰਾਸਤੀ ਖਾਣਿਆਂ ਵੱਲ ਰੁਝਾਨ ਇਸ ਗੱਲ ਦੀ ਗਵਾਹੀ ਭਰਨ ਲਈ ਕਾਫ਼ੀ ਹੈ।