ਗੁਰੂ ਘਰਾਂ ਦੇ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ - ਬਾਬਾ ਬਲਬੀਰ ਸਿੰਘ ਅਕਾਲੀ
- ਬੀੜੀ ਫੈਕਟਰੀ ਜਨਤਕ ਤੌਰ ਤੇ ਮੁਆਫੀ ਮੰਗੇ
ਅਨੰਦਪੁਰ ਸਾਹਿਬ, 29 ਮਈ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਹਲਾਤਾਂ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਇੱਕ ਪਾਸੇ ਕੋਵਿਡ 19 ਤਹਿਤ ਖਲਬਲੀ ਮੱਚੀ ਹੋਈ ਹੈ, ਦੂਸਰੇ ਪਾਸੇ ਗਰਮੀ, ਦੀ ਰੁੱਤ ਤੇਜ ਹਵਾਵਾਂ, ਹਨੇਰੀਆਂ, ਝੱਖੜਾਂ ਅਤੇ ਬਿਜਲੀ ਦੀਆਂ ਤਾਰਾਂ ਨਾਲ ਥਾਂ-ਥਾਂ ਅੱਗ ਲੱਗਣ ਕਾਰਨ ਧਾਰਮਿਕ ਪੋਥੀਆਂ, ਗੁਟਕੇ, ਗ੍ਰੰਥਾਂ ਨੂੰ ਨੁਕਸਾਨ ਪੁਜਣ ਦੀਆਂ ਘਟਨਾਵਾਂ ਵਾਪਰਦੀਆਂ ਹਨ।ਹਰ ਵਾਰ ਬਿਜਲੀ ਸਰਕਟ ਕਾਰਨ ਕਈ ਗੁਰੂ ਘਰਾਂ ਵਿਚ ਅਜਿਹਾ ਨੁਕਸਾਨ ਹੋਣ ਦੇ ਹਾਦਸੇ ਵਾਪਰਦੇ ਹਨ।ਜੋ ਬਹੁਤ ਦੁਖਦਾਈ ਅਫਸੋਸਨਾਕ ਤੇ ਮੰਦਭਾਗੇ ਹਨ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਸਥਾਨਕ ਛਾਉਣੀ ਗੁਰੂ ਕੇ ਬਾਗ ਤੋਂ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ/ਸੇਵਾਦਾਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਰ ਕਿਧਰੇ ਗੁਰਦੁਆਰਿਆਂ ‘ਚ ਤਾਰਾਂ ਨੰਗੀਆਂ ਹਨ ਤਾਂ ਅਗਾਉਂ ਹੀ ਉਸ ਦੀ ਦੇਖਭਾਲ ਤੇ ਰੱਖ ਰਖਾਅ ਲਈ ਸੁਚਾਰੂ ਪ੍ਰਬੰਧ ਕਰ ਲਏ ਜਾਣ, ਹਾਦਸਾ ਵਾਪਰਨ ਤੋਂ ਬਾਅਦ ਅਜਿਹਾ ਕੁਝ ਕਰਨਾ ਫਾਲਤੂ ਹੈ।ਉਨ੍ਹਾਂ ਹੋਰ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਸ਼ਰਾਰਤ ਵੱਸ ਧਾਰਮਿਕ ਗ੍ਰੰਥਾਂ ਦੇ ਪੱਤਰੇ ਪਾੜਦੇ/ਖਲਾਰਦੇ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ ਅਤੇ ਭਾਈਚਾਰਕ ਸਾਂਝ ਵਿਚ ਖਲਬਲੀ ਮਚ ਜਾਂਦੀ ਹੈ।
ਉਨ੍ਹਾਂ ਅਪੀਲ ਸਮੂਹ ਗੁਰਦੂਆਰਾ ਸਾਹਿਬਾਨ ਦੇ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸੁਸਾਇਟੀਆਂ, ਸੇਵਾਦਾਰਾਂ ਅਤੇ ਮੁਖ ਪ੍ਰਬੰਧਕਾਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਹੈ।ਬਠਿੰਡਾ ਵਿਖੇ ਵਾਪਰੀ ਘਟਨਾ ਬਹੁਤ ਦੁਖਦਾਈ ਤੇ ਨਿੰਦਣਯੋਗ ਹੈ।ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਦਰਬਾਰ ਵਿੱਚ ਹਰ ਸਮੇਂ ਇੱਕ ਸੇਵਾਦਾਰ ਹਾਜ਼ਰ ਰਹਿ ਕੇ ਚੌਕੀਦਾਰੀ ਅਤੇ ਸਾਂਭ ਸੰਭਾਲ ਦੀ ਸੇਵਾਦਾਰੀ ਨਿਭਾਵੇ।ਉਨ੍ਹਾਂ ਤਾਮਿਲਨਾਡੂ ਦੇ ਵੈਲੋਰ ਦੀ ਇੱਕ ਬੀੜੀ ਫੈਕਟਰੀ ਨੇ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਛਾਪ ਕੇ ਵੱਡਾ ਅਪਰਾਧ ਕੀਤਾ ਹੈ।ਉਨ੍ਹਾਂ ਬੀੜੀ ਫੈਕਟਰੀ ਨੂੰ ਚੇਤਾਵਨੀ ਦੇਂਦਿਆਂ ਕਿਹਾ ਕਿ ਫੋਰੀ ਤੌਰ ਤੇ ਜਨਤਕ, ਮੁਆਫੀ ਮੰਗੇ ਅਤੇ ਬੀੜੀ ਪੈਕਟ ਤੋਂ ਤਰੁੰਤ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਹਟਾਵੇ ਅਤੇ ਪ੍ਰਿੰਟ ਲੇਬਿਲ ਨੂੰ ਤੁਰੰਤ ਨਸ਼ਟ ਕਰੇ। ਨਹੀਂ ਤਾਂ ਫੈਕਟਰੀ ਮਾਲਕ ਹੀ ਇਸ ਲਈ ਸਿੱਧੇ ਰੂਪ ਵਿਚ ਹਰ ਤਰਾਂ ਲਈ ਜ਼ਿੰਮੇਵਾਰ ਹੋਣਗੇ।
ਬਾਬਾ ਬਲਬੀਰ ਸਿੰਘ ਨੇ ਅਮਰੀਕਾ ਦੀ ਐਗੋਜੋਨਾ ਜੇਲ ਵਿੱਚ ਇੱਕ ਸਿੱਖ ਸੁਰਜੀਤ ਸਿੰਘ ਦੇ ਜਬਰੀ ਦਾੜ੍ਹੀ ਕੱਟਣ ਦੇ ਮਾਮਲੇ ਤੇ ਗਹਿਰਾ ਦੁਖ ਤੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਵਿਚ ਅਜਿਹਾ ਵਰਤਾਰਾ ਦੁਖਦਾਈ ਤੇ ਬਹੁਤ ਹੀ ਅਫਸੋਸਜਨਕ ਹੈ।ਉਨ੍ਹਾਂ ਕਿਹਾ ਕਿ ਸਜਾ ਕੱਟ ਰਹੇ ਮਨੁੱਖ ਨੂੰ ਸੰਵਿਧਾਨਕ ਤੌਰ ਤੇ ਆਪਣੇ ਧਰਮ ਦੀ ਅਜ਼ਾਦੀ ਦਾ ਅਧਿਕਾਰ ਹੈ।ਕਿਸੇ ਅਧਿਕਾਰੀ ਨੂੰ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।ਸੁਰਜੀਤ ਸਿੰਘ ਦੀ ਜਬਰੀ ਦਾਹੜੀ ਕੱਟਣੀ ਧਾਰਮਿਕ ਅਜ਼ਾਦੀ ਅਧਿਕਾਰਾਂ ਤੇ ਡਾਕਾ ਹੈ।ਅਜਿਹੇ ਅਧਿਕਾਰੀਆਂ ਵਿਰੁੱਧ ਸਖਤ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸੰਗਠਨ ਸ੍ਰ. ਸੁਰਜੀਤ ਸਿੰਘ ਦੀ ਕਾਨੂੰਨੀ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਸ਼ਾਬਾਸ਼ੀ ਹੈ।