ਸੰਤ ਬਾਬਾ ਛੋਟਾ ਸਿੰਘ ਮਸਤੂਆਣਾ ਦੀ ਮੌਤ ‘ਤੇ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਦਮਦਮਾ ਸਾਹਿਬ, 15 ਮਈ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਤ ਬਾਬਾ ਛੋਟਾ ਸਿੰਘ ਮੁਖੀ ਬੁੰਗਾ ਮਸਤੂਆਣਾ ਤਲਵੰਡੀ ਸਾਬੋ ਦੀ ਹੋਈ ਮੌਤ ‘ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਿੱਖੀ ਜਜਬੇ ਨਾਲ ਲਬਰੇਜ਼, ਉੱਘੇ ਵਿਦਵਾਨ, ਰੱਬੀ ਰੂਹ, ਸੰਤ ਬਾਬਾ ਛੋਟਾ ਸਿੰਘ ਜੀ ਕੁਝ ਦਿਨ ਸਰੀਰਕ ਤੌਰ ਤੇ ਬੀਮਾਰ ਰਹਿਣ ਕਾਰਨ ਅਕਾਲ ਚਲਾਣਾ ਕਰ ਗਏ ਹਨ ਜਿਸ ਕਰਕੇ ਸਿੱਖ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਅੱਜ ਏਥੋ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ 10ਵੀਂ ਛਾਉਣੀ ਨਿਹੰਗ ਸਿੰਘਾਂ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੰਤ ਬਾਬਾ ਛੋਟਾ ਸਿੰਘ ਬਾਣੀ, ਬਾਣੇ ਅਤੇ ਨਾਮ ਦੇ ਅਭਿਆਸੀ ਸਨ।ਸੰਤ ਬਾਬਾ ਛੋਟਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿਚ ਬੁੰਗਾ ਮਸਤੂਆਣਾ ਸਾਹਿਬ ਦੀ ਸਮਰਪਿਤ ਭਾਵਨਾ ਨਾਲ ਸੇਵਾ ਨਿਭਾਈ।ਉਹ ਗੁਰੂ ਸ਼ਬਦ ਦੀ ਕਮਾਈ ਦੇ ਧਾਰਨੀ ਸਨ।ਉਨ੍ਹਾਂ ਦੀਆਂ ਬੁੰਗਾ ਮਸਤੂਆਣਾ ਸਾਹਿਬ ਲਈ ਨਿਭਾਈਆਂ ਸੇਵਾਵਾਂ ਸਦਾ ਯਾਦ ਰਹਿਣਗੀਆਂ।ਉਨ੍ਹਾਂ ਹਮੇਸ਼ਾਂ ਸੰਗਤਾਂ ਨੂੰ ਇਮਾਨਦਾਰੀ, ਇਖਲਾਕ ਤੇ ਸਦਾਚਾਰੀ ਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ।ਉਨ੍ਹਾਂ ਦੇ ਅਕਾਲ ਚਲਾਣੇ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਪਰ ਅਕਾਲ ਪੁਰਖ ਦੇ ਭਾਣੇ ਨੂੰ ਕੋਈ ਟਾਲ ਨਹੀਂ ਸਕਦਾ।