- ਧਾਰਮਿਕ ਸਮਾਗਮਾਂ ਲਈ ਪ੍ਰਬੰਧ ਲਗਭਗ ਮੁਕੰਮਲ
ਦਮਦਮਾ ਸਾਹਿਬ , 08 ਅਪ੍ਰੈਲ 2021 - ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਹੇਠ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਵਲੋਂ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਸਮੂਹ ਨਿਹੰਗ ਸਿੰਘ ਛਾਉਣੀਆਂ ਵਿਚ ਪੂਰਨ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾਵੇਗਾ।ਪੁਰਾਤਨ ਪਰੰਪਰਾ ਅਨੁਸਾਰ ਬੁੱਢਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਬੇਰ ਸਾਹਿਬ, ਦੇਗਸਰ ਪਾ: ਦਸਵੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਅਪ੍ਰੈਲ ਨੂੰ ਗੁਰਮਤਿ ਸਮਾਗਮਾਂ ਦੇ ਅਰੰਭ ਦੀ ਅਰਦਾਸ ਹੋਵੇਗੀ ਅਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਅਤੇ ਸ੍ਰੀ ਸਰਬ ਲੋਹ ਦੇ ਅਖੰਡ ਪਾਠ ਅਰੰਭ ਹੋਣਗੇ।
14 ਅਪ੍ਰੈਲ ਨੂੰ ਪੂਰਨ ਮਰਯਾਦਾ ਅਨੁਸਾਰ ਭੋਗ ਪੈਣਗੇ। ਉਪਰੰਤ ਬੁੱਢਾ ਦਲ ਦੇ ਪ੍ਰਚਾਰਕ, ਰਾਗੀ, ਢਾਡੀ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਕਥਾ ਦੀ ਸੇਵਾ ਨਿਭਾਉਣਗੇ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ੍ਹ ਕੇ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਹੁੰਮ ਹਮਾ ਕੇ ਹਾਜ਼ਰੀ ਭਰਨ।ਉਨ੍ਹਾਂ ਕਿਹਾ ਕਿ 13 ਅਪ੍ਰੈਲ ਨੂੰ ਬੁੱਢਾ ਦਲ ਵੱਲੋਂ ਵਿਰਸਾ ਸੰਭਾਲ ਗਤਕਾ ਮੁਕਾਬਲੇ ਹੋਣਗੇ ਅਤੇ ਇਸ ਵਿਚ ਭਾਰਤ ਭਰ ਤੋਂ ਗਤਕਾ ਟੀਮਾਂ ਭਾਗ ਲੈਣਗੀਆਂ।ਜੇਤੂ ਟੀਮਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਮਾਲੋਮਾਲ ਕੀਤਾ ਜਾਵੇਗਾ।
ਇਸ ਮੌਕੇ ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੀਆਂ ਸਮੂਹ ਛਾਉਣੀਆਂ ਵਿਚ ਖਾਲਸਾ ਪੰਥ ਦਾ ਸਾਜਨਾ ਦਿਵਸ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ। ਗੁਰੂ ਕਾ ਬਾਗ, ਗੁ: ਕਿਲਾ ਨਿਰਮੋਹਗੜ੍ਹ ਸਾਹਿਬ ਅਨੰਦਪੁਰ ਸਾਹਿਬ, ਗੁ: ਲੋਹਗੜ੍ਹ ਸਾਹਿਬ ਜੀਰਕਪੁਰ, ਬੂੰਗਾ ਗੁ: ਰਣਜੀਤ ਗੜ੍ਹ ਚਮਕੌਰ ਸਾਹਿਬ, ਬੂੰਗਾ ਗੁ: ਬਾਬਾ ਨੈਣਾ ਸਿੰਘ ਮੁਕਤਸਰ ਸਾਹਿਬ, ਗੁਰਦੁਆਰਾ ਬਗੀਚੀ ਬਾਬਾ ਬੰਬਾ ਸਿੰਘ ਪਟਿਆਲਾ, ਗੁ: ਪਾ: ਨੌਵੀ ਥੜ੍ਹਾ ਸਾਹਿਬ ਸਮਾਣਾ, ਗੁ: ਮੱਲ ਅਖਾੜਾ ਪਾ: ਛੇਵੀ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ, ਗੁ: ਅਗਾੜਾ ਪਛਾੜਾ ਤਰਨਤਾਰਨ ਅਤੇ ਗੁ: ਲੱਖੀ ਜੰਗਲ ਜੈਤੋਂ ਤੋਂ ਇਲਾਵਾ ਸਾਰੀਆਂ ਹੀ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਵਿਚ ਇਹ ਦਿਹਾੜਾ ਮਨਾਇਆ ਜਾਵੇਗਾ ਅਤੇ ਸਰਬੱਤ ਦੇ ਭਲੇ ਲਈ, ਚੜ੍ਹਦੀ ਕਲਾ ਲਈ ਅਰਦਾਸ ਹੋਵੇਗੀ।
ਅਰਦਾਸ ਵਿੱਚ ਇਹ ਵੀ ਕਾਮਨਾ ਕੀਤੀ ਗਈ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਮਰਿਯਾਦਾ ਦਾ ਪਾਲਣ ਕਰਨ ਲਈ ਪ੍ਰਮਾਤਮਾ ਸਮੁੱਚੇ ਸਿੱਖ ਜਗਤ ਨੂੰ ਬੱਲ ਬੁੱਧੀ ਬਖਸ਼ਣ ।ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਵਿਚ ਸਮੁੱਚੀਆਂ ਨਿਹੰਗ ਸਿੰਘ ਦਲਪੰਥ ਮਹੱਲਾ ਕੱਢਣਗੇ।