ਅੰਮ੍ਰਿਤਸਰ 1 4 ਜਨਵਰੀ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲ਼ੀ ਨੇ ਮਾਘੀ ਦੀ ਪੁਰਬ ਸੰਧਿਆਂ ਮੌਕੇ ਸਿੱਖ ਕੌਮ ਦੇ ਨਾਮ ਸ਼ੰਦੇਸ ਜਾਰੀ ਕਰਦਿਆਂ ਕਿਹਾ ਕਿ ਮਾਘੀ ਦੇ ਪਾਵਨ ਦਿਹਾੜੇ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਸੰਗਤਾਂ ਵੱਡੀ ਗਿਣਤੀ ਵਿੱਚ ਪੁਜਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਿਹਾੜਾ ਭੁੱਲਾਂ ਬਖਸ਼ਾਉਣ ਵਾਲਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਬਖ਼ਸਾਈ ਤੇ ਵੱਖ-ਵੱਖ ਖਿਤਾਬਾਂ ਦੀਆਂ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ।ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਲੀ ਸ਼ਹੀਦ ਸਿੰਘਾਂ ਨੂੰ ਮੁਕਤੀ ਪਦ ਬਖਸ਼ ਕੇ ਇਸ ਢਾਬ ਦਾ ਨਾਮ ਮੁਕਤਸਰ ਰੱਖਿਆ ।ਉਨ੍ਹਾਂ ਕਿਹਾ ਚਾਲੀ ਮੁਕਤਿਆਂ ਦੇ ਸ਼ਹੀਦੀ ਅਸਥਾਨ ਤੇ ਮੁਕਤਸਰ ਸ਼ਹਿਰ ਵੱਸਿਆ ਹੈ ।
ਉਨ੍ਹਾਂ ਕਿਹਾ ਕਿ ਧਰਮ ਪ੍ਰਤੀ ਕੁਰਬਾਨੀ, ਬਲਦਾਨ ਤੇ ਸ਼ਹਾਦਤ ਦਾ ਸੰਕਲਪ ਗੁਰੂ ਸਾਹਿਬ ਨੇ ਹੀ ਰੋਸ਼ਨ ਕੀਤਾ।ਸ਼ਹੀਦੀ ਪ੍ਰੰਪਰਾ ਦੇ ਇਤਿਹਾਸ ਵਿੱਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ, ਨੌਵੇਂ, ਦਸਵੇਂ ਜਾਮੇ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਆਪ ਸ਼ਹੀਦੀ ਦੇ ਕੇ ਗੁਰੂ ਨਾਨਕ ਸਾਹਿਬ ਜੀ ਵੱਲੋ ਸਥਾਪਿਤ ਸ਼ਹੀਦੀ ਪ੍ਰੰਪਰਾ ਨੂੰ ਅਮੀਰ ਕਰ ਦਿੱਤਾ।ਬਾਬਾ ਬਲਬੀਰ ਨੇ ਕਿਹਾ 30 ਮਈ 1606 ਨੂੰ ਗੁਰੂ ਅਰਜਨ ਸਾਹਿਬ ਸ਼ਹੀਦ ਹੋਏ, 1621 ਵਿੱਚ ਸਿੱਖਾਂ ਨੇ ਸ੍ਰੀ ਹਰਿਗੋਬਿੰਦਪੁਰ ਵਾਲੀ ਧਰਤੀ ਤੇ ਪਹਿਲੀ ਜੰਗ ਲੜੀ, ਉਸ ਸਮੇਂ ਤਂੋ ਹੁਣ ਤੀਕ ਲੱਖਾਂ ਹੀ ਸਿੱਖਾਂ ਨੇ ਤਲੀ ਤੇ ਸੀਸ ਰੱਖ ਕੌਮੀ ਅਣੱਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਾਦਤ ਦਾ ਸਿਧਾਂਤ ਤੇ ਪ੍ਰੰਪਰਾ ਸਿੱਖ ਇਤਿਹਾਸ, ਸਿੱਖ ਸਭਿਆਚਾਰ ਦੀ ਇੱਕ ਨਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਸ਼ਹੀਦੀ ਨਿਡਰਤਾ ਦੀ ਨਿਸ਼ਾਨੀ ਹੈ।ਉਨ੍ਹਾਂ ਨੇ ਕਿਹਾ ਕਿ 40 ਸਿੰਘਾਂ ਦੀ ਸ਼ਹੀਦੀ ਦੇ ਇਸ ਇਤਿਹਾਸਕ ਅਧਿਆਇ ਨੂੰ ਸੰਗਤਾਂ ਵਿੱਚ ਵੱਖ-ਵੱਖ ਮਾਧਿਅਮ ਰਾਹੀ ਪ੍ਰਚਾਰਨ ਅਤੇ ਉਹਨਾਂ ਸ਼ਹੀਦ ਸਿੰਘਾਂ ਦੇ ਜੀਵਨ ਬਾਰੇ ਵਿਸਥਾਰਤ ਖੋਜ ਕਾਰਜ ਦੀ ਲੋੜ ਹੈ।ਉਹਨਾਂ ਨੇ ਕਿਹਾ ਕਿ ਚਾਲੀ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਸਪੀਕਿੰਗ ਆਧੁਨਿਕ ਮਿਊਜ਼ੀਅਮ ਬਨਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਤਾਬਦੀ ਮੌਕੇ ਫੈਸਲਾ ਕੀਤਾ ਸੀ ਨੂੰ ਪੂਰਿਆ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਬੁੱਢਾ ਦਲ ਤੋਂ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਸਮੂਹ ਨਿਹੰਗ ਜਥੇਬੰਦੀਆ ਵੱਲੋ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਇਤਿਹਾਸਕ ਨਿਸ਼ਾਨ, ਨਿਗਾਰਿਆਂ ਦੀ ਤਾਬਿਆਂ 15 ਨੂੰ ਮਹੱਲਾ ਕੱਢਿਆ ਜਾਵੇਗਾ ਜੋ ਟਿੱਬੀ ਸਾਹਿਬ ਪੁਜ ਕੇ ਖੁਲੇ ਮੈਦਾਨ ਵਿਚ ਘੋੜ ਦੌੜ ਨੇਜੇਬਾਜ਼ੀ, ਗਤਕਾ ਆਦਿ ਦੇ ਜੌਹਰ ਦਿਖਾਵੇਗਾ।