- ਕਿਸਾਨੀ ਅੰਦੋਲਨ ਕਿਸੇ ਵੱਲਗਣ ‘ਚ ਕੈਦ ਨਹੀਂ ਕੀਤਾ ਜਾ ਸਕਦਾ
ਅੰਮ੍ਰਿਤਸਰ, 02 ਫਰਵਰੀ 2021 - ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਹੋ ਰਹੇ ਤਸ਼ਦੱਦ ਅਤੇ ਧੱਕੇਸ਼ਾਹੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕਿਸਾਨਾਂ ਵਲੋਂ ਤਿੰਨ ਕਾਨੂੰਨਾਂ ਦੀ ਵਾਪਸੀ ਲਈ ਅਰੰਭੇ ਸੰਘਰਸ਼ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਭੰਗ ਕਰਨ, ਤਾਰਪੀਡੋ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ।ਕਦੀ ਕਿਸਾਨਾਂ ਨੂੰ ਨੋਟਿਸ ਜਾਰੀ ਕਰਦੀ ਹੈ, ਕਿਧਰੇ ਨਾਜਾਇਜ਼ ਗ੍ਰਿਫਤਾਰੀਆਂ ਕਰ ਰਹੀ ਹੈ।ਕਦੀ ਬਿਜਲੀ ਪਾਣੀ ਕੱਟ ਰਹੀ ਹੈ।
ਕਿਧਰੇ ਚੁਫੇਰੇ ਕਿਲੇ੍ਹ ਰੂਪੀ ਭਾਰੀਆਂ ਸੀਲਿੰਗ ਦੀਵਾਰਾਂ ਕਰ ਰਹੀ ਹੈ।ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਕਾਂ ਤੇ ਹਮਲੇ ਕਰਵਾਏ ਜਾ ਰਹੇ ਹਨ।ਫੋਰਸਾਂ ਰਾਹੀਂ ਕਿਸਾਨਾਂ ਨੂੰ ਉਕਸਾਉਣ ਲਈ ਕੁਟਿਆ, ਮਾਰਿਆ ਅਤੇ ਹਮਲੇ ਕੀਤੇ ਜਾ ਰਹੇ ਹਨ।ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ, ਟਵੀਟਰ ਐਕਾਉਂਟ ਨੂੰ ਸੀਲ ਕੀਤਾ ਗਿਆ ਹੈ। ਇਹ ਸਰਕਾਰ ਦੀ ਕਮਜ਼ੋਰਦਿਲੀ ਤੇ ਡਰਪੋਕਪੁਣੇ ਦੀ ਨਿਸ਼ਾਨੀ ਹੈ।ਸਾਂਤਮਈ ਪ੍ਰਦਰਸ਼ਨ ਆਪਣੇ ਹੱਕਾਂ ਲਈ ਹਰ ਨਾਗਰਿਕ ਨੂੰ ਕਰਨ ਦਾ ਅਧਿਕਾਰ ਹੈ।ਸਰਕਾਰ ਆਪਣੀਆਂ ਗਲਤੀਆਂ ਲਕਾਉਣ ਲਈ ਧੱਕੇਸ਼ਾਹੀ ਤੇ ਨਿਰਦੋਸ਼ਿਆ ਤੇ ਅਨਮਨੁੱਖੀ ਜ਼ੁਲਮ ਢਾਹ ਰਹੀ ਹੈ ਜਿਸ ਤੋਂ ਸਰਕਾਰ ਨੂੰ ਫੋਰੀ ਤੌਰ ਤੇਗੁਰੇਜ ਕਰਨਾ ਚਾਹੀਦਾ ਹੈ।ਜੇ ਜਬਰ ਬੰਦ ਨਾ ਹੋਇਆ ਤਾਂ ਵਿਦਰੋਹ ਹੋਰ ਤਾਕਤਵਰ ਤੇ ਮਜਬੂਤ ਹੋਵੇਗਾ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦੀਆਂ ਹਨ, ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ, ਇਸ ਮਸਲੇ ਦਾ ਸਾਂਤਮਈ ਹੱਲ ਨਿਕਲੇ, ਕਿਸਾਨਾਂ ਨਾਲ ਬੇਇਨਸਾਫੀ ਨਿਹੰਗ ਸਿੰਘ ਦਲਪੰਥ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ।ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਸਰਕਾਰ ਨੂੰ ਸਬਕ ਲੈਣ ਦੀ ਲੋੜ ਹੈ।ਉਨ੍ਹਾਂ ਕਿਹਾ ਸਰਕਾਰ ਦੇ ਨਿਰਦੇਸ਼ਾਂ ਤੇ ਪੁਲਿਸ ਨੌਜਵਾਨਾਂ ਅਤੇ ਕਿਸਾਨਾਂ ਨੂੰ ਚੁੱਕ ਕੇ ਲਾਪਤਾ ਕਰ ਰਹੀ ਹੈ ਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਮਹੱਈਆ ਨਹੀਂ ਕੀਤੀ ਜਾ ਰਹੀ ਕਿ ਗ੍ਰਿਫਤਾਰ ਕੀਤੇ ਵਿਅਕਤੀ ਕਿਸ ਜਗ੍ਹਾ ਰੱਖੇ ਗਏ ਹਨ।ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ।ਤਿਰੰਗੇ ਦੀ ਨਿਰਾਦਰੀ ਦੇ ਦੋਸ਼ ਲਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਤਿਰੰਗੇ ਦੀ ਕਿਸੇ ਨੇ ਵੀ ਨਿਰਾਦਰੀ ਨਹੀਂ ਕੀਤੀ।ਤਿਰੰਗਾ ਸਭਨਾ ਲਈ ਸਤਿਕਾਰਤ ਹੈ।
ਤਿਰੰਗਾ ਕੇਵਲ ਭਾਜਪਾ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ।ਕੇਸਰੀ, ਨਿਲੰਬਰੀ ਨਿਸ਼ਾਨ ਸਿੱਖਾਂ ਦੇ ਗੁਰੂਘਰਾਂ ਦੇ ਪਰਚਮ ਹਨ।ਇਸ ਤੋਂ ਏਨਾ ਭੈਭੀਤ ਹੋਣ ਵਾਲੀ ਕਿਹੜੀ ਗੱਲ ਹੈ, ਇਸ ਮਾਮਲੇ ਨੂੰ ਹਾਊਆ ਬਣਾ ਕੇ ਕਿਸਾਨਾਂ ਵਿਰੁੱਧ ਜੋਰਦਾਰ ਤਰੀਕੇ ਨਾਲ ਸਰਕਾਰੀ ਪੱਧਰ ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਹਰ ਮਸਲੇ ਦਾ ਹੱਲ ਗੱਲਬਾਤ ਹੀ ਹੈ।ਇਸ ਲਈ ਗੱਲਬਾਤ ਦੇ ਦਰਵਾਜੇ ਬੰਦ ਕਰਕੇ ਰਾਜਨੀਤਕ ਖੇਡਾਂ ਖੇਡਣੀਆਂ ਜਾਇਜ ਨਹੀਂ।ਉਨ੍ਹਾਂ ਕਿਹਾ ਕਿ ਗ੍ਰਿਫਤਾਰ ਨੌਜਵਾਨ ਤੁਰੰਤ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਅਤੇ ਕਿਸਾਨੀ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਪਹਿਲ ਕਦਮੀ ਕਰੇ।ਉਨ੍ਹਾਂ ਕਿਹਾ ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਦਿਲੀ ਨੂੰ ਆਉਣ ਵਾਲੇ ਮਾਰਗਾਂ ਤੇ ਤਿੱਖੇ ਲੋਹੇ ਦੇ ਕਿੱਲਾਂ ਦੇ ਜਾਲ ਵਿਛਾਉਣੇ, ਅੰਦੋਲਨ ਵਾਲੇ ਸਥਾਨਾਂ ਤੇ ਕੰਕਰੀਟ ਦੀਆਂ ਕੰਧਾਂ ਬਨਾਉਣੀਆਂ, ਕੰਡਿਆਲੀ ਤਾਰਾਂ ਨਾਲ ਜਬਰ ਦਸਤ ਬੈਰੀਕੇਡਿੰਗ ਕਰਨੀ ਬੇਹੱਦ ਨਿੰਦਣਯੋਗ ਹੈ।ਇਹ ਸਰਕਾਰ ਲਈ ਮਾਰੂ ਸਾਬਤ ਹੋਵੇਗਾ।