ਅੰਮ੍ਰਿਤਸਰ, 23 ਅਪ੍ਰੈਲ 2021 -ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਉਲੀਕੇ ਗਏ ਸਮਾਗਮ ਕਰੋਨਾ ਮਹਾਂਮਾਰੀ ਦੇ ਜਬਰਦਸਤ ਪਸਾਰੇ ਕਾਰਨ ਮੁਲਤਵੀ ਕਰ ਦਿੱਤੇ ਗਏ ਹਨ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦੱਸਿਆ ਹੈ ਕਿ ਨਿਹੰਗ ਸਿੰਘ ਦਲਾਂ ਦੇ ਮੁਖੀ ਜਥੇਦਾਰ ਸਾਹਿਬਾਨਾਂ ਵੱਲੋਂ ਬਾਬਾ ਬਕਾਲਾ ਤੋਂ ਗੁ: ਗੁਰੂ ਕੇ ਮਹਿਲ ਤੀਕ ਨਿਹੰਗ ਸਿੰਘ ਫੌਜਾਂ ਦਾ ਇਕ ਵਿਸ਼ਾਲ ਨਗਰ ਕੀਰਤਨ 29 ਅਪ੍ਰੈਲ ਨੂੰ ਕੱਢਣ ਦਾ ਲਿਆ ਗਿਆ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ।ਚਲ ਰਹੀ ਕਰੋਨਾ ਦੀ ਮਹਾਂਮਾਰੀ ਕਾਰਨ ਸੰਗਤੀ ਪ੍ਰੋਗਰਾਮ ਕੀਤੇ ਜਾਣੇ ਅਸੰਭਵ ਲੱਗ ਰਹੇ ਹਨ, ਉਨ੍ਹਾਂ ਸਾਰਥਿਕ ਅਤੇ ਆਮ ਜਨਜੀਵਨ ਹੋਣ ਦੀ ਆਸ ਤੇ ਅਰਦਾਸ ਕੀਤੀ ਕਿ ਹਲਾਤ ਜਲਦ ਖੁਸ਼ਹਾਲ, ਸੁਖਾਲੇ ਤੇ ਇਕਸਾਰ ਹੋਣ ਅਤੇ ਹਰ ਨਾਗਰਿਕ ਖੁਸ਼ੀ ਭਰਿਆ ਜੀਵਨ ਬਸਰ ਕਰੇ।