ਨਿਹੰਗ ਸਿੰਘ ਫੌਜਾਂ ਵਲੋਂ ਵੀ 26 ਮਈ ਦੇ ਕਾਲਾ ਦਿਵਸ ਦੀ ਹਮਾਇਤ - ਬਾਬਾ ਬਲਬੀਰ ਸਿੰਘ
ਜੋਗਿੰਦਰ ਪਾਲ ਸਿੰਘ ਕੁੰਦਰਾ
ਅੰਮ੍ਰਿਤਸਰ, 25 ਮਈ 2021 - ਸੰਯੁਕਤ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ 26 ਮਈ ਨੂੰ ਦੇਸ਼ ਭਰ ਵਿਚ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ ਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨਿਹੰਗ 96 ਕਰੋੜੀ ਨੇ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਦੇ 6 ਮਹੀਨੇ 26 ਮਈ ਨੂੰ ਪੂਰੇ ਹੋ ਜਾਣਗੇ।ਰਾਜਧਾਨੀ ਦਿਲੀ ਦੇ ਪੰਜ ਬਾਰਡਰਾਂ ਤੇ ਹਜ਼ਾਰਾਂ ਕਿਸਾਨ ਭੈਣ ਭਰਾ ਬਜ਼ੁਰਗ ਛੇ ਮਹੀਨੇ ਤੋਂ ਮੋਰਚਾ ਲਾਈ ਬੈਠੇ ਹਨ।ਸੈਕੜੇ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਕੜਕਦੀ ਠੰਢ, ਵਰਖਾ, ਗਰਮੀ, ਜਬਰ ਜ਼ੁਲਮ ਅਤੇ ਦੁਸ਼ਮਣਾਂ ਦੇ ਭੈੜੇ ਕੂੜ ਪ੍ਰਚਾਰ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ਕਿਹਾ ਦੂਜੇ ਪਾਸੇ ਕੇਂਦਰ ਵਿਚਲੀ ਸਰਕਾਰ ਵੀ ਏਸੇ ਦਿਨ ਆਪਣੇ 7 ਸਾਲ ਪੂਰੇ ਕਰ ਰਹੀ ਹੈ।ਮੋਦੀ ਦਾ ਇਹ ਸਮਾਂ ਭਾਰਤੀ ਇਤਿਹਾਸ ਵਿਚ ਬੇਕਾਰੀ, ਮੰਦਹਾਲੀ, ਧੱਕੇਸ਼ਾਹੀ ਤੇ ਬੇਇਨਸਾਫੀ ਵਾਲਾ ਦਰਜ ਹੋਵੇਗਾ।ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਭਿੱਅਤਾ ਦੇ ਵਿਕਾਸ ਵਿਚ ਖੇਤੀਬਾੜੀ ਦੀ ਵਸੋਂ 95% ਰੁਜ਼ਗਾਰੀ ਹਿੱਸਾ ਸੀ, ਹੌਲੀ-ਹੌਲੀ ਸਨਅਤੀ ਵਿਕਾਸ ਨੇ ਇਸ ਨੂੰ 10% ਤੇ ਲੈ ਆਂਦਾ।ਕਿਸਾਨੀ ਲਹਿਰਾਂ ਸੰਘਰਸ਼ਾਂ ਦਾ ਇਤਿਹਾਸ ਸ਼ਾਨਮੱਤਾ ਹੈ।ਅੱਜ ਵੀ 70% ਵਸੋਂ ਕਿਸਾਨੀ ਕਿਤੇ ਖੇਤੀਬਾੜੀ ਉੱਤੇ ਨਿਰਭਰ ਹੈ।
ਕਿਸਾਨੀ ਸਮੱਸਿਆ ਕੇਵਲ ਇੱਕ ਹਿੱਸੇ ਦੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਹੈ ਅਤੇ ਕਿਸਾਨੀ ਦੇਸ਼ ਦੀ ਚਾਲਕ ਸ਼ਕਤੀ ਹੈ।ਉਨ੍ਹਾਂ ਕਿਹਾ ਇਤਿਹਾਸ ਦੀ ਹਰ ਲੜਾਈ, ਚਾਹੇ ਰਮਾਇਣ, ਮਹਾਂਭਾਰਤ ਦੀਆਂ ਮਿਥਿਹਾਸਕ ਲੜਾਈਆਂ ਹੋਣ, ਚਾਹੇ ਸਿਕੰਦਰ, ਪੋਰਸ, ਮੋਰੀਆ ਵੰਸ਼, ਗੁਪਤ ਵੰਸ਼ ਤੋਂ ਲੈ ਕੇ ਕਨਿਸ਼ਕ, ਹਰਸ਼ ਵਰਧਨ, ਪ੍ਰਿਥਵੀ ਰਾਜ ਚੌਹਾਨ, ਤੁਰਕਾਂ, ਮੁਗਲਾਂ ਸਮੇਤ ਬਰਤਾਨਵੀ ਬਸਤੀਵਾਦ ਦਾ ਇਤਿਹਾਸਕ ਦੌਰ ਹੋਵੇ, ਦੇਸ਼ ਦੀ ਕਿਸਾਨੀ ਹਮੇਸ਼ਾਂ ਸੰਘਰਸ਼ਾਂ ਦੇ ਮੈਦਾਨ ਵਿਚ ਰਹੀ ਹੈ।ਦੇਸ਼ ਦੀ ਸਿੱਖ ਲਹਿਰ ਜਿਸ ਦਾ ਸਿਖਰ ਗੁਰੂ ਗੋਬਿੰਦ ਸਿੰਘ ਜੀ ਅਤੇ ਪੰਜਾਬ ਦੇ ਮਹਾਂਨਾਇਕ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਲੜੀਆਂ ਲੜਾਈਆਂ ਵੀ ਕਿਸਾਨੀ ਦੇ ਹੱਕ ‘ਚ ਭੁਗਤੀਆਂ।ਭਾਰਤ ਸਰਕਾਰ ਕਿਸਾਨੀ ਮੰਗਾਂ ਨੂੰ ਬਿਨਾਂ ਦੇਰੀ ਪ੍ਰਵਾਨ ਕਰਨ ਦਾ ਐਲਾਨ ਕਰੇ।ਉਨ੍ਹਾਂ ਕਿਸਾਨਾਂ ਵਲੋਂ 26 ਮਈ ਨੂੰ ਦੇਸ਼ ਭਰ ਵਿਚ ਕਾਲਾ ਦਿਵਸ ਮਨਾਏ ਜਾਣ ਦੀ ਪੂਰਨ ਤੌਰ ਤੇ ਹਮਾਇਤ ਹੈ।