ਅੰਮ੍ਰਿਤਸਰ, 02 ਅਪ੍ਰੈਲ-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਵਿਖੇ ਹੋਲੇ ਮਹੱਲੇ ਸਮੇਂ ਵਾਪਰੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸ਼ਨ ਤੇ ਸਿੱਖਾਂ ਦਰਮਿਆਨ ਜੋ ਘਟਨਾ ਵਾਪਰੀ ਦੁਖਦਾਈ, ਅਫਸੋਸ ਜਨਕ ਹੈ।ਅਜਿਹਾ ਹਰਗਿਜ ਨਹੀਂ ਸੀ ਹੋਣਾ ਚਾਹੀਦਾ।ਉਨ੍ਹਾਂ ਕਿਹਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪੁਰਾਤਨ ਸਮੇਂ ਤੋਂ ਹੀ ਹੋਲਾ ਮਹੱਲਾ ਸਿੱਖ ਪਰੰਪਰਾਵਾਂ ਅਨੁਸਾਰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੂਰਨ ਮਰਯਾਦਾ ‘ਚ ਰਹਿ ਕੇ ਮਨਾਉਂਦੇ ਆ ਰਹੇ ਹਨ, ਸਿੱਖ ਕੌਮ ਦੇ ਇਸ ਕੌਮੀ ਤਿਉਹਾਰ ਤੇ ਕਰੋਨਾ ਦੇ ਬਹਾਨੇ ਪਾਬੰਦੀ ਲਗਾਉਣੀ ਜਾਇਜ ਨਹੀਂ ਹੈ।ਪ੍ਰਸ਼ਾਸਨ ਤੇ ਸਰਕਾਰ ਵਲੋਂ ਸਿੱਖਾਂ ਦੀ ਦਿਆਨਤਦਾਰੀ, ਦੇਸ਼ਭਗਤੀ, ਲੋਕ ਸੇਵਾ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਸਮੇਂ ਲੱਗੇ ਲਾਕ ਡਾਊਨ ਵਿੱਚ ਸਿਖ ਕੌਮ ਦੇ ਗੁਰਧਾਮਾਂ, ਗੁਰਦੁਆਰਿਆਂ ਅਤੇ ਸਿਖ ਸੰਸਥਾਵਾਂ ਵਲੋਂ ਮਨੁੱਖਤਾ ਦੀ ਸੇਵਾ ਲਈ ਜੋ ਘਾਲਣਾ ਘਾਲੀ ਹੈ ਉਸ ਲਈ ਸਮੁੱਚੇ ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ।ਲਾਕਡਾਊਨ ਦੀ ਪਾਲਣਾ ਵੀ ਸਿੱਖ ਕੌਮ ਨੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੀਤੀ ਹੈ।ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਸਮੇਂ ਨਗਰ ਕੀਰਤਨ ਕੋਈ ਨਵੀਂ ਪਰੰਪਰਾ ਨਹੀਂ ਹੈ।ਇਸ ਮਰਯਾਦਾ ਨੂੰ ਹਰ ਸਾਲ ਸਿੱਖ ਪੂਰੀ ਸ਼ਰਧਾ ਭਾਵਨਾ ਤੇ ਅਮਨ ਸਾਂਤੀ ਨਾਲ ਏਵੇਂ ਹੀ ਨਿਭਾਉਂਦੇ ਆ ਰਹੇ ਹਨ।
ਕਰੋਨਾ ਦੇ ਬਹਾਨੇ ਸਿੱਖਾਂ ਦੇ ਕੌਮੀ ਤਿਉਹਾਰਾਂ ਅਤੇ ਨਗਰ ਕੀਰਤਨ ਤੇ ਪਾਬੰਦੀ ਜਾਇਜ ਨਹੀਂ ਹੈ, ਜੇ ਅਜਿਹੇ ਹਲਾਤਾਂ ਵਿਚ ਐਸੰਬਲੀ ਚੌਣਾਂ ਹੋ ਸਕਦੀਆਂ ਹਨ, ਵੋਟਾਂ ਲਈ ਥਾਂ-ਥਾਂ ਵੱਡੀਆਂ-ਵੱਡੀਆਂ ਰੈਲੀਆਂ ਦੇ ਇਕੱਠ ਹੋ ਸਕਦੇ ਹਨ ਫਿਰ ਅਜਿਹੇ ਧਾਰਮਿਕ ਨਗਰ ਕੀਰਤਨ/ਸਮਾਗਮਾਂ ਤੇ ਹੀ ਕੇਵਲ ਪਾਬੰਦੀ ਕਿਉਂ।ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ/ ਮਹਾਂਰਾਸ਼ਟਰ ‘ਚ ਵੱਸਦੇ ਸਿਖ ਸਾਡੇ ਹੀ ਭੈਣ ਭਰਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਨ।ਉਨ੍ਹਾਂ ਤੇ ਨਜਾਇਜ਼ ਪਰਚੇ ਦਰਜ ਕਰਨੇਂ ਠੀਕ ਨਹੀਂ ਹਨ।ੳੱਥੇ ਜੋ ਕੁਝ ਵਾਪਰਿਆ ਉਹ ਕਦਾਚਿਤ ਠੀਕ ਨਹੀਂ ਹੈ ਦੁਖਦਾਈ, ਮੰਦਭਾਗਾ ਤੇ ਅਫਸੋਸ ਜਨਕ ਹੈ ਇਸ ਤਰਾਂ ਦੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ।ਪਰ ਸਰਕਾਰਾਂ ਨੂੰ ਅਜਿਹੇ ਹੁਕਮ ਐਲਾਨਣ ਤੋਂ ਪਹਿਲਾਂ ਧਾਰਮਿਕ ਪਰੰਪਰਾਵਾਂ, ਮਰਯਾਦਾ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ।ਉਨ੍ਹਾਂ ਮੰਗ ਕੀਤੀ ਕਿ ਫੋਰੀ ਤੌਰ ਤੇ ਨਜਾਇਜ਼ ਦਰਜ ਕੀਤੇ ਪਰਚੇ ਰੱਦ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਉਥੇ ਵੱਸਦੇ ਪਰਿਵਾਰਾਂ ਨਾਲ ਧੱਕੇਸ਼ਾਹੀ ਵਾਲਾ ਵਤੀਰਾ ਅਤਿ ਨਿੰਦਣਯੋਗ, ਦੁਖਦਾਈ ਅਤੇ ਮੰਦਭਾਗਾ ਹੈ।ਹਜ਼ੂਰ ਸਾਹਿਬ ਵੱਸਣ ਵਾਲਾ ਹਰ ਸਿਖ ਗੁਰੂ ਦਾ ਸ਼ਰਧਾਲੂ ਹੈ।ਉਨ੍ਹਾਂ ਦੇ ਘਰਾਂ ‘ਚ ਪੁਲਿਸ ਜਬਰੀ ਦਾਖਲ ਹੋ ਕੇ ਪਰਿਵਾਰਾਂ ਨਾਲ ਧੱਕੇਮੁੱਕੀ ਕਰਕੇ, ਆਮ ਸ਼ਸ਼ਤਰਾਂ ਨੂੰ ਜਬਤ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਦੀ ਰੋਜ਼ਾਨਾ ਜੀਵਨ ਮਰਯਾਦਾ ਦਾ ਹਿੱਸਾ ਹਨ।ਇੱਕ ਦੋ ਵਿਆਕਤੀਆਂ ਦੀ ਗਲਤੀ ਪਿਛੇ ਸਰਕਾਰ ਸਾਰਿਆਂ ਨੂੰ ਇਕੋ ਰੱਸੇ ਬੰਨਣ ਦਾ ਜਤਨ ਨਾ ਕਰੇ।ਉਨ੍ਹਾਂ ਇਹ ਵੀ ਚਿੰਤਾ ਪ੍ਰਗਟਾਈ ਕਿ ਸਰਕਾਰ ਉਥੋਂ ਦੇ ਸਿੱਖਾਂ ਤੇ ਨਜ਼ਾਇਜ਼ ਹਥਿਆਰ ਪਾ ਕੇ ਡਰਾਉਂਣ/ਧਮਕਾਉਣ ਤੇ ਖਜਲ ਖੁਆਰੀ ਦੇ ਰਾਹ ਨਾ ਤੁਰੇ।ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਦੀ ਚਲ਼ੀ ਆਉਂਦੀ ਪੁਰਾਤਨ ਮਰਯਾਦਾ ‘ਚ ਕਿਸੇ ਦਾ ਵੀ ਦਖਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਸ ਲਈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਇੱਕਜੁੱਟ ਹਨ। ਇਸ ਤੇ ਠੋਕ ਕੇ ਪਹਿਰਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਾਰੇ ਨਿਹੰਗ ਸਿੰਘ ਦਲਪੰਥ ਹਜ਼ੂਰ ਸਾਹਿਬ ਦੇ ਸਿੱਖਾਂ ਦੇ ਨਾਲ ਹਨ।ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਸਾਰੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਅਮਨਸ਼ਾਂਤੀ ਬਨਾਈ ਰੱਖਣ।ਉਨ੍ਹਾਂ ਇਹ ਵੀ ਕਿਹਾ ਕਿ ਜਿਨਾਂ ਸਿੰਘਾਂ ਤੇ ਨਜਾਇਜ਼ ਪਰਚੇ ਦਰਜ ਕੀਤੇ ਹਨ ਦੀ ਮਦਦ ਲਈ ਸਾਰੇ ਹੀ ਨਿਹੰਗ ਸਿੰਘ ਦਲਪੰਥ ਜਲਦ ਹੀ ਹਜ਼ੂਰ ਸਾਹਿਬ ਪੁਜਣਗੇ ਅਤੇ ਮੁਖਮੰਤਰੀ, ਡੀ.ਜੀ.ਪੀ ਅਤੇ ਪ੍ਰਸ਼ਾਸ਼ਨ ਹਜ਼ੂਰ ਸਾਹਿਬ ਨਾਲ, ਮਿਲ ਕੇ ਇਹ ਨਜਾਇਜ਼ ਪਰਚੇ ਰੱਦ ਕਰਾਉਣ ਲਈ, ਪੂਰਾ ਤਾਨ ਲਾਉਣਗੇ।
ਜਾਰੀ ਬਿਆਨ ਵਿੱਚ ਨਿਹੰਗ ਸਿੰਘ ਆਗੂਆਂ ਨੇ ਮਹਾਰਾਸ਼ਟਰ ਦੇ ਮੁਖ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਲੇ ਮਹੱਲੇ ਮੌਕੇ ਜਿਨਾਂ ਸਿੱਖਾਂ ਤੇ ਕੇਸ ਦਰਜ ਕੀਤੇ ਗਏ ਹਨ ਨੂੰ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਨਾਲ ਹੀ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸੰਤ ਮਹਾਪੁਰਸ਼ਾਂ, ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਸੰਜੀਦਗੀ ਨਾਲ ਵਿਚਾਰਦਿਆਂ ਉਨ੍ਹਾਂ ਸਿੱਖਾਂ ਦੀ ਮਦਦ ਲਈ ਅੱਗੇ ਆਉਣ।