- ਸਿਆਸੀ ਦਲਾਂ ਨੂੰ ਅਪੀਲ ਕਿ ਸਿਆਸੀ ਕਾਨਫ੍ਰੰਸਾਂ ਤੋਂ ਪ੍ਰਹੇਜ਼ ਕਰਨ
ਮੁਕਤਸਰ ਸਾਹਿਬ, 12 ਜਨਵਰੀ 2021 - ਮੁਕਤਸਰ ਦੇ 40(ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਲੋਂ ਚਲੀ ਆਉਂਦੀ ਖਾਲਸਾਈ ਰਵਾਇਤ ਅਨੁਸਾਰ 15 ਜਨਵਰੀ ਨੂੰ ਸਮੂਹ ਨਿਹੰਗ ਸਿੰਘਾਂ ਦਲਾਂ ਦੇ ਸਹਿਯੋਗ ਨਾਲ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣਗੇ।
ਅੱਜ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾੳਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਨਵੀਂ ਆਉਣ ਵਾਲੀ ਨੌਜਵਾਨ ਪਨੀਰੀ ਨੂੰ ਇਹਨਾਂ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣੂੰ ਕਰਾਉਣਾ ਲਾਜ਼ਮੀ ਹੈ।ਅੱਜ ਅਧੁਨਿਕ ਬਿਜਲਈ ਸਾਧਨਾਂ ਜੰਤਰਾਂ ਨਾਲ ਬੱਚੇ ਜੁੜ ਕੇ ਅਜਿਹੇ ਮਾਣਮੱਤੇ ਇਤਿਹਾਸ ਤੋ ਵਿਰਲੇ ਹੋ ਗਏ ਹਨ। ਸਭ ਨੂੰ ਰੱਲਮਿਲ ਹੰਭਲਾ ਮਾਰ ਕੇ ਗੁਰੂ ਇਤਿਹਾਸ ਨਾਲ ਜੋੜਨ ਲਈ ਉਪਰਾਲੇ ਕਰਨੇ ਚਾਹੀਦੇ ਹਨ।।ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਘੋੜਸਵਾਰੀ, ਨੇਜਾਬਾਜ਼ੀ, ਤੀਰਕਮਾਨ, ਸ਼ਸਤਰ ਅਤੇ ਸ਼ਾਸਤਰ ਵਿਦਿਆ ਲੈਣੀ ਚਾਹੀਦੀ ਹੈ ਅਤੇ ਚੋਲਾ ਤੇ ਦੁਮਾਲਾ ਧਾਰਨ ਕਰਨਾ ਚਾਹੀਦਾ ਹੈ।ਉਨ੍ਹਾਂ ਨਾਲ ਹੀ ਸਮੁੱਚੇ ਸਿਆਸੀ ਦਲਾਂ ਨੂੰ ਬੇਦਾਵੇ ਦੇ ਇਤਿਹਾਸਕ ਪ੍ਰਸੰਗ ਨੂੰ ਸਮਝਦਿਆਂ, ਰਾਜਸੀ ਕਾਨਫ੍ਰੰਸਾਂ ਤੋਂ ਮੁਕੰਮਲ ਤੌਰ ਤੇ ਗੁਰੇਜ਼ ਕਰਨ ਦਾ ਸੁਝਾਅ ਦਿੱਤਾ ਹੈ।ਉਨ੍ਹਾਂ ਕਿਹਾ ਕੇਵਲ ਗੁਰਮਤਿ ਸਮਾਗਮ ਹੀ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਵਿੱਚ ਗੁਰਇਤਿਹਾਸ, ਗੁਰਬਾਣੀ, ਸਦਾਚਾਰਕ ਜੀਵਨ ਪ੍ਰਤੀ ਸਾਰੇ ਆਗੂ ਗੱਲ ਕਰਨ।
ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਭਾਈਚਾਰੇ ਪ੍ਰਤੀ ਸਦਭਾਵਨਾ ਅਤੇ ਸੰਜਮੀ ਮਾਹੌਲ ਤਿਆਰ ਕਰਦਿਆਂ ਮੰਗਾਂ ਦੀ ਪੂਰਤੀ ਲਈ ਦਲੇਰਰਾਨਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਦਿਨੋ ਦਿਨ ਠੰਢ ਕਾਰਨ ਤਾਪਮਾਨ ਘੱਟ ਵੱਧ ਰਿਹਾ ਹੈ ਅਤੇ ਕਿਸਾਨਾਂ ਦਾ ਜਾਨੀ ਨੁਕਸਾਨ ਹੋਣ ਦੇ ਬਾਵਜੂਦ ਵੀ ਉਹ ਚੜਦੀ ਕਲਾ ‘ਚ ਡਟੇ ਹੋਏ ਹਨ।ਉਨ੍ਹਾਂ ਕਿਹਾ ਹਰ ਵਰਗ ਦੇ ਲੋਕ ਕਿਸਾਨਾਂ ਦੀ ਹਮਾਇਤ ਤੇ ਉੱਤਰ ਰਹੇ ਹਨ, ਵਿਦੇਸ਼ਾਂ ਦੇ ਕਿਸਾਨ ਵੀ ਇਸ ਸੰਘਰਸ਼ ਦੀ ਹਮਾਇਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿਸਾਨ ਮੋਰਚੇ ਦੀ ਹਮਾਇਤ ਤੇ ਸਾਰੇ ਭਾਰਤ ਦੇ ਕਿਸਾਨ ਡੱਟੇ ਹੋਏ ਹਨ।ਸਰਕਾਰ ਨੂੰ ਸਮਝਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਹ ਸਾਂਤਮਈ ਅੰਦੋਲਨ ਨੂੰ ਖਦੇੜਨ ਲਈ ਕਈ ਤਰਾਂ ਦੇ ਸਰਕਾਰ ਵੱਲੋਂ ਹੱਥਕੰਡੇ ਵਰਤੇ ਜਾ ਰਹੇ ਹਨ ਜੋ ਸਫਲ ਨਹੀਂ ਹੋਣਗੇ।ਜੋ ਕਾਨੂੰਨ ਗਲਤ ਪਾਸ ਹੋਏ ਹਨ ਉਨ੍ਹਾਂ ਨੂੰ ਵਾਪਸ ਲੈਣ ਵਿਚ ਬੇਹਤਰੀ ਤੇ ਦੇਸ਼ ਦਾ ਭਲਾ ਹੈ।