Breaking: ਅਦਾਕਾਰ ਯੋਗਰਾਜ ਵਿਰੁੱਧ FIR ਦਰਜ, ਵੈੱਬ ਸੀਰੀਜ਼ 'ਚ ਔਰਤਾਂ ਖਿਲਾਫ਼ ਕੀਤੀ ਭੱਦੀ ਟਿੱਪਣੀ
ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ; ਪੁਲਿਸ ਨੂੰ ਉੱਚ ਪੱਧਰੀ ਜਾਂਚ ਦੇ ਦਿੱਤੇ ਨਿਰਦੇਸ਼
ਵੈੱਬ ਸੀਰੀਜ਼ 'ਲੁੱਖੇ' (Lukkhe) ਦੇ ਵਿਵਾਦਤ ਡਾਇਲਾਗ ਤੋਂ ਬਾਅਦ ਵਧਿਆ ਰੋਸ
Ravi Jakhu
ਚੰਡੀਗੜ੍ਹ, 14 ਮਈ 2026:
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਪੰਜਾਬੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਯੋਗਰਾਜ ਸਿੰਘ ਇੱਕ ਵਾਰ ਫਿਰ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਇੱਕ ਹਿੰਦੀ ਵੈੱਬ ਸੀਰੀਜ਼ ਵਿੱਚ ਔਰਤਾਂ ਵਿਰੁੱਧ ਕਥਿਤ ਤੌਰ 'ਤੇ ਅਪਮਾਨਜਨਕ ਅਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਵਿੱਚ ਚੰਡੀਗੜ੍ਹ ਦੇ ਸੈਕਟਰ 36 ਪੁਲਿਸ ਸਟੇਸ਼ਨ ਵਿੱਚ ਆਈਟੀ ਐਕਟ ਦੀ ਵੱਖ ਵੱਖ ਧਾਰਾ ਤਹਿਤ ਉਨ੍ਹਾਂ ਵਿਰੁੱਧ ਐਫਆਈਆਰ (FIR) ਦਰਜ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਸਾਰਾ ਵਿਵਾਦ ਇੱਕ ਨਵੀਂ ਹਿੰਦੀ ਵੈੱਬ ਸੀਰੀਜ਼ 'ਲੁੱਖੇ' (Lukkhe) ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਸੀਰੀਜ਼ ਦੀ ਇੱਕ ਵੀਡੀਓ ਕਲਿੱਪ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਯੋਗਰਾਜ ਸਿੰਘ ਔਰਤਾਂ ਨੂੰ ਲੈ ਕੇ ਇੱਕ ਬੇਹੱਦ ਅਪਮਾਨਜਨਕ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਔਰਤਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੰਜਾਬ ਪੁਲਿਸ ਨੂੰ ਪੱਤਰ ਜਾਰੀ ਕੀਤਾ ਹੈ। ਕਮਿਸ਼ਨ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਅਧਿਕਾਰੀ ਤੋਂ ਕਰਵਾਈ ਜਾਵੇ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਲਾਕਾਰ ਨੂੰ ਕਲਾ ਦੇ ਨਾਮ 'ਤੇ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਅਦਾਕਾਰ ਯੋਗਰਾਜ ਸਿੰਘ ਅਤੇ ਇਸ ਸੀਰੀਜ਼ ਨਾਲ ਜੁੜੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋ ਵਕੀਲਾਂ ਨੇ ਪੁਲਿਸ ਕੋਲ ਪਹੁੰਚ ਕਰਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਾ ਤਰਕ ਹੈ ਕਿ ਜਨਤਕ ਮੰਚ 'ਤੇ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਨਾ ਸਿਰਫ਼ ਨੈਤਿਕ ਤੌਰ 'ਤੇ ਗ਼ਲਤ ਹੈ, ਸਗੋਂ ਕਾਨੂੰਨਨ ਵੀ ਅਪਰਾਧ ਹੈ। ਪੁਲਿਸ ਨੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਯੋਗਰਾਜ ਸਿੰਘ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਆਏ ਹੋਣ। ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਅਤੇ ਹੋਰ ਕਈ ਮੌਕਿਆਂ 'ਤੇ ਉਨ੍ਹਾਂ ਦੀ ਬਿਆਨਬਾਜ਼ੀ ਕਾਰਨ ਕਾਫ਼ੀ ਹੰਗਾਮਾ ਹੋ ਚੁੱਕਾ ਹੈ। ਫਿਲਹਾਲ, ਇਸ ਮਾਮਲੇ ਵਿੱਚ ਯੋਗਰਾਜ ਸਿੰਘ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ।
- Download Babushahi App
-
-