ਆਪ ਪਰਦੇ ਪਿੱਛੇ ਰਹਿ ਕੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਗੇ ਕੀਤਾ, ਹੁਣ ਐੱਸ.ਜੀ.ਪੀ.ਸੀ ਪ੍ਰਧਾਨ ਨੂੰ ਹਦਾਇਤ ਕਰ ਰਹੇ ਹਨ ਸੁਖਬੀਰ ਬਾਦਲ- ਗੁਰਪ੍ਰਤਾਪ ਸਿੰਘ ਵਡਾਲਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ-: 14 ਮਈ 2026 : ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਥ ਦੀ ਹਰ ਲੜਾਈ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ ਹੈ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਸ ਜਥੇਬੰਦੀ ਦੀ ਸਥਾਪਨਾ ਹੀ ਪੰਥ ਦੀ ਸੰਘਰਸ਼ਸ਼ੀਲ ਤਾਕਤ ਵਜੋਂ ਹੋਈ ਸੀ। ਜਦੋਂ ਵੀ ਸਰਕਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਪੰਥਕ ਪਰੰਪਰਾਵਾਂ ਜਾਂ ਸਿੱਖੀ ਸਿਧਾਂਤ ਨੂੰ ਚੈਲੇਂਜ ਕਰਨ ਦੀ ਕੋਸ਼ਿਸ਼ ਕੀਤੀ, ਉਦੋਂ ਹੀ ਪੰਥ ਦੀ ਵਾੜ ਵਜੋਂ ਅਕਾਲੀ ਦਲ ਮੋਰਚੇ ਲਾਉਣ ਲਈ ਮੈਦਾਨ ਵਿੱਚ ਨਿਤਰ ਆਇਆ।
ਪਰ ਇਹ ਪਹਿਲਾ ਮੌਕਾ ਹੈ ਜਦੋਂ ਅਕਾਲੀ ਦਲ ਬਾਦਲ ਨੇ ਪਰਦੇ ਪਿੱਛੇ ਬਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰ ਨਾਲ ਉਲਝਣ ਲਈ ਅੱਗੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਖੁਦ ਹੀ 2007 ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੋਲੋਂ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ। ਉਦੋਂ ਪੰਜਾਬ ਦੀ ਪੰਥਕ ਸਰਕਾਰ ਆਪਣੀਆਂ ਦੋ ਟਰਮਾਂ ਵਿੱਚ ਵੀ ਇਹ ਕਾਨੂੰਨ ਬਣਾਕੇ ਲਾਗੂ ਨਹੀ ਕਰਵਾ ਸਕੀ। ਹੁਣ ਜਦੋਂ ਸ਼ਰੋਮਣੀ ਕਮੇਟੀ ਦੇ ਮਤੇ ਮੁਤਾਬਕ ਬਾਦਲ ਸਰਕਾਰ ਦਾ ਲਿਆਂਦਾ ਬਿਲ ਕੁੱਝ ਸੋਧ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਹੈ ਤਾਂ ਅਕਾਲੀ ਦਲ ਬਾਦਲ ਨੂੰ ਹਜਮ ਨਹੀਂ ਹੋ ਰਿਹਾ। ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਬਿੱਲ ਦੀ ਸ਼ਲਾਘਾ ਕਰ ਦਿੱਤੀ। ਫਿਰ ਜਦੋਂ ਉਸਦੇ ਪਾਰਟੀ ਪ੍ਰਧਾਨ ਦਾ ਹੁਕਮ ਆਇਆ ਤਾਂ ਸ਼੍ਰੋਮਣੀ ਕਮੇਟੀ ਨੇ ਖੁਦ ਕੋਈ ਐਕਸ਼ਨ ਲੈਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੱਗੇ ਕਰ ਦਿੱਤਾ। ਜਥੇਦਾਰ ਸਾਹਿਬ ਵਿਧਾਨ ਸਭਾ ਸਪੀਕਰ ਨੂੰ ਤਲਬ ਕਰਕੇ ਹਦਾਇਤ ਕਰ ਰਹੇ ਹਨ ਕਿ ਕਾਨੂੰਨ ਵਿਚ ਸੋਧ ਕਰੋ, ਜਦਕਿ ਇਹ ਉਸਦੇ ਵੱਸਦੀ ਗੱਲ ਹੀ ਨਹੀਂ। ਜਥੇਦਾਰ ਸਾਹਿਬ ਨੇ ਸਪੀਕਰ ਦੇ ਰਾਹੀਂ ਪੰਜਾਬ ਸਰਕਾਰ ਨੂੰ ਪੰਦਰਾਂ ਦਿਨ ਦਾ ਲਿਖਤੀ ਅਲਟੀਮੇਟਮ ਦੇ ਦਿੱਤਾ ਕਿ ਜੇ ਸੋਧ ਨਾ ਕੀਤੀ ਤਾਂ ਸਖਤ ਐਕਸ਼ਨ ਲਿਆ ਜਾਵੇਗਾ। ਇਸ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਰਕਾਰ ਵਿਚਕਾਰ ਸਿੱਧਾ ਟਕਰਾਅ ਬਣ ਗਿਆ ਹੈ। ਪਰ ਇਸ ਸਾਰੇ ਘਟਨਾਕ੍ਰਮ ਨੂੰ ਇਕ ਤਰਾਂ ਅੱਖੋਂ ਪਰੋਖੇ ਕਰਦੇ ਹੋਏ ਅਕਾਲੀ ਦਲ ਬਾਦਲ ਨੇ 11 ਤਰੀਕ ਨੂੰ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹਦਾਇਤ ਕੀਤੀ ਹੈ ਕਿ ਉਹ ਮਾਹਿਰਾਂ ਦਾ ਇਕ ਪੈਨਲ ਬਣਾ ਕੇ ਕਾਨੂੰਨੀ ਤਰੁੱਟੀਆਂ ਨੂੰ ਉਜਾਗਰ ਕਰਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਕਾਰ ਨੂੰ ਪੰਦਰਾਂ ਦਿਨ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਜੇ ਸਰਕਾਰ ਇਸ ਉਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਗਲੀ ਲੜਾਈ ਅਕਾਲੀ ਦਲ ਨੂੰ ਲੜਨੀ ਪਵੇਗੀ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਵਰਕਿੰਗ ਫੋਰਸ ਅਕਾਲੀ ਦਲ ਹੀ ਹੈ। ਪਰ ਪਾਰਟੀ ਦਾ ਪ੍ਰਧਾਨ ਇਸਨੂੰ ਭੁੱਲ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਸਲੇ ਬਾਰੇ ਸਰਗਰਮ ਹੋਣ ਲਈ ਹਦਾਇਤ ਕਰ ਰਿਹਾ ਹੈ। ਇਕ ਤਰਾਸਦਿਕ ਸਥਿਤੀ ਪੈਦਾ ਕਰਕੇ ਫਿਰ ਇਸਨੂੰ ਭੁੱਲ ਜਾਣਾ, ਇਹ ਸਿਰਫ ਬਾਦਲ ਦਲ ਦਾ ਪ੍ਰਧਾਨ ਹੀ ਕਰ ਸਕਦਾ ਹੈ। ਸਾਰੀ ਸਿੱਖ ਕੌਮ ਇਸ ਭੰਬਲਭੂਸੇ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਵੇਖ ਰਹੀ ਹੈ। ਇਹ ਪ੍ਰੈੱਸ ਬਿਆਨ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-