Babushahi Special: ਚੰਦਰੀ ਵੰਡ ਦਾ ਸੰਤਾਪ: ਭੱਜੀਆਂ ਬਾਹਾਂ ਗੱਲ ਲੱਗਣ ’ਚ ਲੱਗੇ 77 ਸਾਲ
ਅਸ਼ੋਕ ਵਰਮਾ
ਸੰਗਰੂਰ, 16 ਮਾਰਚ 2025: ਇਸ ਨੂੰ ਅਜ਼ਾਦੀ ਮਿਲਣ ਸਾਰ ਹੋਈ ਭਾਰਤ ਪਾਕਿਸਤਾਨ ਦਰਮਿਆਨ ਹੋਈ ਚੰਦਰੀ ਵੰਡ ਦਾ ਸੰਤਾਪ ਹੀ ਕਿਹਾ ਜਾ ਸਕਦਾ ਹੈ ਕਿ ਇੱਕ ਨੌਜਵਾਨ ਨੂੰ ਆਪਣੇ ਵਤਨ ਪਾਕਿਸਤਾਨ ਤੋਂ ਚੜ੍ਹਦੇ ਪੰਜਾਬ ’ਚ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਿਜ਼ਦਾ ਕਰਨ ਲਈ ਆਉਣ ਵਾਸਤੇ ਤਕਰੀਬਨ 77 ਸਾਲ ਦਾ ਸਮਾਂ ਲੱਗ ਗਿਆ। ਇਹ ਉਹ ਦਿਨ ਸਨ ਜਦੋਂ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਦੀ ਗਿਣਤੀ ’ਚ ਲੋਕ ਭਾਰਤੀ ਪੰਜਾਬ ਚੋਂ ਆਪਣੇ ਹੱਸਦੇ ਵਸਦੇ ਘਰ ,ਜਾਇਦਾਦ ,ਜਮੀਨਾਂ ਤੇ ਆਪਣਾ ਭਾਈਚਾਰਾ ਛੱਡ ਕੇ ਪਾਕਿਸਤਾਨ ਚਲੇ ਗਏ ਸਨ ਜਦੋਂਕਿ ਅਜਿਹਾ ਹੀ ਭਾਣਾ ਸਦੀਆਂ ਤੋਂ ਵੱਸਦੇ ਆ ਰਹੇ ਪਾਕਿਸਤਾਨੀ ਪ੍ਰੀਵਾਰਾਂ ਨਾਲ ਹਿੰਦੋਸਤਾਨ ਆਉਣ ਵੇਲੇ ਵਾਪਰਿਆ ਸੀ। ਏਦਾਂ ਦਾ ਇੱਕ ਨੌਜਵਾਨ ਫਕੀਰ ਹੁਸੈਨ ਪੁੱਤਰ ਸਾਹਿਬਦੀਨ ਪਾਕਿਸਤਾਨ ਤੋਂ ਵੀਜ਼ਾ ਹਾਸਲ ਕਰਕੇ ਆਪਣੇ ਪ੍ਰੀਵਾਰਕ ਮੈਂਬਰਾਂ ਅਤੇ ਚਾਚੇ-ਤਾਇਆਂ ਨੂੰ ਮਿਲਣ ਲਈ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆਂ ਆਇਆ ਹੈ ਜਿਸਨੂੰ ਦੇਖਕੇ ਪਿੰਡ ਵਾਸੀਆਂ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਹੈ।

ਜਾਣਕਾਰੀ ਅਨੂਸਾਰ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਜ੍ਹਬ ਦੇ ਅਧਾਰ ਤੇ ਵੰਡ ਹੋਣ ਦੀ ਖਬਰ ਪੁੱਜੀ ਤਾਂ ਫਕੀਰ ਹਸੈਨ ਦਾ ਅੱਬੂ ਸਾਹਿਬਦੀਨ ਆਪਣੇ ਪਰਿਵਾਰ ਨਾਲੋਂ ਵੱਖ ਹੋਕੇ ਪਾਕਿਸਤਾਨ ਜਾਣ ਤੋਂ ਬਾਅਦ ਬਹਾਵਲਪੁਰ ਜਿਲ੍ਹੇ ਵਿੱਚ ਵੱਸ ਗਿਆ ਸੀ। ਫਕੀਰ ਹਸੈਨ ਦੱਸਦਾ ਹੈ ਕਿ ਪਿਤਾ ਹੋਰੀਂ ਪੰਜ ਭਰਾ ਸਨ ਜਿੰਨ੍ਹਾਂ ਚੋ ਚਾਰ ਪੰਜਾਬ ’ਚ ਰਹਿ ਗਏ ਸਨ ਜਿੰਨ੍ਹਾਂ ਦੇ ਵੀ ਹੁਣ ਅੱਗੇ ਬੱਚੇ ਅਤੇ ਪ੍ਰੀਵਾਰ ਹਨ। ਉਨ੍ਹਾਂ ਦੱਸਿਆ ਕਿ ਉਦੋਂ ਅਚਾਨਕ ਬਣੇ ਮਾੜੇ ਹਾਲਾਤਾਂ ਕਾਰਨ ਉਨ੍ਹਾਂ ਦੇ ਪ੍ਰੀਵਾਰ ਨੂੰ ਪਾਕਿਸਤਾਨ ਜਾਣਾ ਪਿਆ ਸੀ ਪਰ ਉਨ੍ਹਾਂ ਦੇ ਅੱਬਾ ਨੂੰ ਪੁਰਖਿਆਂ ਦੇ ਪਿੰਡ ਦੀ ਮਿੱਟੀ ਅਤੇ ਪੰਜਾਬ ਦੀ ਯਾਦ ਕਦੇ ਵੀ ਨਹੀਂ ਭੁੱਲ ਸਕੀ। ਉਨ੍ਹਾਂ ਕਿਹਾ ਕਿ ਲਹਿੰਦੇ ਪੰਜਾਬ ’ਚ ਉਨ੍ਹਾਂ ਦੇ ਪ੍ਰੀਵਾਰ ਦਾ ਖੇਤੀਬਾੜੀ ਧੰਦੇ ਦੇ ਨਾਲ ਨਾਲ ਚੰਗਾ ਕਾਰੋਬਾਰ ਵੀ ਹੈ । ਕਾਰੋਬਾਰੀ ਰੁਝੇਵਿਆਂ ਅਤੇ ਪ੍ਰੀਵਾਰਕ ਜਿੰਮੇਵਾਰੀਆਂ ਦੇ ਬਾਵਜੂਦ ਅੱਬਾ ਪੰਜਾਬ ਦੀਆਂ ਹਵਾਵਾਂ ਦੀ ਮਹਿਕ ਨੂੰ ਹਰ ਵਕਤ ਯਾਦ ਕਰਦੇ ਰਹਿੰਦੇ ਸਨ।
ਫਕੀਰ ਹੁਸੈਨ ਆਖਦੇ ਹਨ ਕਿ ਉਨ੍ਹਾਂ ਦੇ ਅੱਬਾ ਦਿਨ ’ਚ ਜਿਆਦਾ ਸਮਾਂ ਆਪਣਿਆਂ ਦੀਆਂ ਗੱਲਾਂ ਕਰਦੇ ਸਨ ਜਿੰਨ੍ਹਾਂ ਤੋਂ ਵਿਛੜਨ ਦੀ ਟੀਸ ਹਮੇਸ਼ਾ ਦਿਲ ਦੇ ਕਿਸੇ ਕੋਨੇ ’ਚ ਰੜਕਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਇੱਕ ਵੀ ਦਿਨ ਅਜਿਹਾ ਨਹੀਂ ਚੜ੍ਹਿਆ ਜਿਸ ਦਿਨ ਅੱਬਾ ਜਾਨ ਨੇ ਆਪਣੇ ਭਰਾਵਾਂ ਅਤੇ ਪ੍ਰੀਵਾਰ ਮੈਂਬਰਾਂ ਦੀ ਯਾਦ ’ਚ ਹੰਝੂਆਂ ਦੀ ਝੜੀ ਨਾਂ ਲਾਈ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਿੱਤੇ ਜਾਂਦੇ ਦਿਲਾਸੇ ਅਤੇ ਧਰਵਾਸ ਵੀ ਅੱਬਾ ਦਾ ਦਰਦ ਘੱਟ ਭੋਰਾ ਵੀ ਨਹੀਂ ਕਰ ਸਕੇ ਬਲਕਿ ਕਈ ਵਾਰ ਤਾਂ ਅੱਬਾ ਦੀਆਂ ਅੱਖਾਂ ਉਨ੍ਹਾਂ ਦੇ ਦਿਲ ਦਾ ਹਾਲ ਬਿਆਨ ਕਰ ਦਿੰਦੀਆਂ ਸਨ। ਫਕੀਰ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਨੇ ਵਿੱਛੜੇ ਪ੍ਰੀਵਾਰ ਨੂੰ ਮਿਲਣ ਦੇ ਮੰਤਵ ਨਾਲ ਚੜ੍ਹਦੇ ਪੰਜਾਬ ਆਉਣ ਲਈ ਲੱਖਾਂ ਕੋਸ਼ਿਸ਼ਾਂ ਕੀਤੀਆਂ ਅਤੇ ਅਣਗਿਣਤ ਵਾਰ ਦੁਆ ਮੰਗੀ ਪਰ ਪਾਕਿਸਤਾਨ ਹਕੂਮਤ ਨੇ ਉਨ੍ਹਾਂ ਨੂੰ ਚੜ੍ਹਦੇ ਪੰਜਾਬ ਆਉਣ ਲਈ ਵੀਜ਼ਾ ਨਾਂ ਦਿੱਤਾ।
ਫਕੀਰ ਹੁਸੈਨ ਨੇ ਦੱਸਿਆ ਕਿ ਅੰਤ ਨੂੰ ਆਪਣੀਆਂ ਸੱਧਰਾਂ ਨੂੰ ਦਿਲ ’ਚ ਲੈਕੇ ਅੱਬਾ ਜਾਨ ਇਸ ਫਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਖੁਸ਼ੀਆਂ ਨੂੰ ਹੋਰ ਵੀ ਚਾਰ ਚੰਦ ਲੱਗ ਜਾਂਣੇ ਸਨ ਜੇਕਰ ਅੱਬਾ ਵੀ ਉਸ ਦੇ ਨਾਲ ਪੰਜਾਬ ਆਉਂਦੇ ਅਤੇ ਇੱਕ ਵਾਰ ਆਪਣਿਆਂ ਨੂੰ ਮਿਲਣ ਦੀ ਰੀਝ ਪੂਰੀ ਕਰ ਲੈਂਦੇ। ਉਹ ਆਖਦਾ ਹੈ ਕਿ ਉਸ ਨੂੰ ਤਾਉਮਰ ਇਹ ਅਫਸੋਸ ਅਤੇ ਦਿਲ ਵਿੱਚ ਮਲਾਲ ਰਹੇਗਾ ਕਿ ਕਾਸ਼ ਇਹ ਮਿਲਣੀ ਅੱਬੂ ਦੇ ਜਿਉਂਦੇ ਜੀਅ ਹੁੰਦੀ। ਫਕੀਰ ਹੁਸੈਨ ਨੇ ਦੱਸਿਆ ਕਿ ਉਹ ਦੋ ਭਰਾ ਹਨ ਅਤੇ ਉਨ੍ਹਾਂ ਦੇ ਪੰਜ ਭੈਣਾਂ ਹਨ ਜਿੰਨ੍ਹਾਂ ਵਿੱਚੋਂ ਸਿਰਫ ਉਸ ਨੂੰ ਤਕਰੀਬਨ 77 ਸਾਲ ਬਾਅਦ ਪਹਿਲੀ ਵਾਰ ਆਪਣੇ ਪੁਰਖਿਆਂ ਦੀ ਧਰਤੀ ਨੂੰ ਚੁੰਮਣ ਦਾ ਸਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਉਸ ਨੂੰ ਪਿੰਡ ਵਾਸੀਆਂ ਵੱਲੋਂ ਬੇਹੱਦ ਮਾਣ ਸਤਿਕਾਰ ਅਤੇ ਭਰਵਾਂ ਪਿਆਰ ਮਿਲ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਲਹਿੰਦੇ ਪੰਜਾਬ ਦਾ ਪਹਿਰਾਵਾ ਖਾਣ ਪਾਣ ਵਿੱਚ ਕੋਈ ਬਹੁਤਾ ਫਰਕ ਨਹੀਂ ਬਲਕਿ ਦੋਵਾਂ ਹੀ ਮੁਲਕਾਂ ਦੇ ਲੋਕ ਚੰਗਾ ਪਹਿਨਣ ਅਤੇ ਵਧੀਆ ਖਾਣ ਪੀਣ ਦੇ ਸ਼ੌਕੀਨ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਥੇ ਉਨ੍ਹਾਂ ਧਾਰਮਿਕ ਵਲਗਣਾਂ ਤੋਂ ਉੱਪਰ ਉੱਠਕੇ ਸਮੂਹ ਭਾਈਚਾਰਿਆਂ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਫਕੀਰ ਹੁਸੈਨ ਦੇ ਤਾਏ ਦੇ ਲੜਕੇ ਯਾਸੀਨ ਖਾਨ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਮਾੜੇ ਹਾਲਾਤਾਂ ਕਾਰਨ ਆਪਣਿਆਂ ਤੋਂ ਵਿੱਛੜਿਆਂ ਨੂੰ ਮਿਲਾਉਣ ਲਈ ਵੀਜ਼ਾ ਪ੍ਰਣਾਲੀ ਸਰਲ ਕਰਨ ਦੀ ਪੁਰਜੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਵੰਡ ਹੋਈ ਨੂੰ ਲੰਮਾਂ ਸਮਾਂ ਬੀਤ ਗਿਆ ਹੈ ਇਸ ਲਈ ਜੋ ਵੀ ਲੋਕ ਇਸ ਤਰਾਂ ਦੇ ਚੰਦਰੇ ਵਿਛੋੜੇ ਦੀਆਂ ਯਾਦਾਂ ਦਿਲਾਂ ਵਿੱਚ ਸਮੋਈ ਬੈਠੇ ਹਨ ਉਨ੍ਹਾਂ ਨੂੰ ਇੱਕ ਦੂਸਰੇ ਮੁਲਕ ਵਿੱਚ ਜਾਣ ਮੌਕੇ ਕੋਈ ਦਿੱਕਤ ਨਹੀਂ ਆਉਣ ਦੇਣੀ ਚਾਹੀਦੀ ਹੈ।
ਕੁਲਹਿਣੀ ਵੰਡ ਦੇ ਰਿਸਦੇ ਜਖਮ
ਭਾਵੇਂ ਹੁਣ ਵਕਤ ਦਾ ਜਿਆਦਾਤਰ ਹਿੱਸਾ ਗੁਜ਼ਰ ਗਿਆ ਹੈ ਫਿਰ ਵੀ 15 ਅਗਸਤ 1947 ਤੋਂ ਇੱਕ ਦਿਨ ਪਹਿਲਾਂ ਤੱਕ ਹੱਸਦੇ ਵੱਸਦੇ ਰਹਿਣ ਵਾਲੇ ਸੈਂਕੜੇ ਪ੍ਰੀਵਾਰਾਂ ਦੇ ਵੰਡ ਦੇ ਉਜਾੜੇ ਨਾਲ ਬਣੇ ਜਖਮ ਹਾਲੇ ਵੀ ਰਿਸ ਰਹੇ ਹਨ। ਸਮਾਜਿਮ ਮਾਹਿਰਾਂ ਦਾ ਕਹਿਣਾ ਹੈ ਕਿ ਅਜਾਦੀ ਪ੍ਰਵਾਨਿਆਂ ਨੇ ਅਜ਼ਾਦ ਭਾਰਤ ਦੀ ਫਿਜ਼ਾ ਦੇ ਜੋ ਨਕਸ਼ ਤਰਾਸ਼ੇ ਸਨ ਉਨ੍ਹਾਂ ’ਚ ਅਜਿਹਾ ਕੁੱਝ ਨਹੀਂ ਚਿਤਵਿਆ ਸੀ।