‘ਕ੍ਰਿਸਮਸ ਦਿਵਸ’ ਮਨਾਇਆ
-ਹਰਜਿੰਦਰ ਸਿੰਘ ਬਸਿਆਲਾ-
ਪਿਆਰੇ ਪਾਠਕੋ, ਹਰ ਸਾਲ 25 ਦਸੰਬਰ ਵਾਲੇ ਦਿਨ ਸ਼ਾਂਤੀ ਦੇ ਮਸੀਹਾ ਪ੍ਰਭੂ ਈਸਾ ਮਸੀਹ ਦੇ ਜਨਮ ਦਿਵਸ ਦੇ ਰੂਪ ਵਿਚ ਵਿਸ਼ਵ ਦੇ ਕੋਨੇ-ਕੋਨੇ ਵਿਚ ਬੜੀ ਸ਼ਰਧਾ ਅਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਇਹ ਪਾਵਨ ਪੁਰਬ ਮੌਕੇ ਪਿਛਲੇ ਸੈਂਕੜੇ ਸਾਲਾਂ ਤੋਂ ਬਹੁਤ ਸਾਰੇ ਰੀਤੀ-ਰਿਵਾਜਾਂ, ਪ੍ਰੰਪਰਾਵਾਂ ਅਤੇ ਮਾਨਤਾਵਾਂ ਨੇ ਵੀ ਜਨਮ ਲਿਆ ਹੈ। ਕ੍ਰਿਸਮਸ ਦੇ ਸਭ ਤੋਂ ਪੁਰਾਣੇ ਅਤੇ ਲੋਕਪਿ੍ਰਅ ਰਿਵਾਜ਼, ਉਪਹਾਰਾਂ ਦੇ ਅਦਾਨ-ਪ੍ਰਦਾਨ ਅਤੇ ਉਸ ਨਾਲ ਜੁੜੇ ਸ਼ਾਂਤਾਕਲਾਜ਼ ਬਾਰੇ ਰੌਚਿਕ ਜਾਣਕਾਰੀ ਪੇਸ਼ ਕਰ ਰਿਹਾਂ।
ਮੰਨਿਆ ਜਾਂਦਾ ਹੈ ਕਿ ਚੌਥੀ ਸ਼ਤਾਬਦੀ ਦੇ ਬਿਸ਼ਪ, ਬੱਚਿਆਂ ਦੇ ਹਰਮਨ ਪਿਆਰੇ ਰੱਖਿਅਕ ਕਹੇ ਜਾਣ ਵਾਲੇ ਸੰਤ ‘ਨਿਕੋਲਸ’ ਦਾ ਨਾਂਅ ਵਿਗੜ ਕੇ ਸ਼ਾਂਤਾਕਲਾਜ਼ ਪੈ ਗਿਆ। ਪ੍ਰੇਟਰਾਸ ਵਿਚ ਇਕ ਧਨੀ ਪਾਦਰੀ ਦੇ ਘਰ ਜਨਮੇ ਨਿਕੋਲਸ ਬਚਪਨ ਤੋਂ ਹੀ ਆਪਣੇ ਸਾਥੀ ਬਾਲਕਾਂ ਨਾਲੋਂ ਕੁਝ ਅਲੱਗ ਅਤੇ ਤੀਖਣ ਬੁੱਧੀ ਦੀ ਸਮਰੱਥਾ ਰੱਖਦੇ ਸਨ। ਛੋਟਾ ਜਿਹਾ ਨਿਕੋਲਸ ਸੰਸਾਰਿਕ ਆਕਰਸ਼ਨਾਂ ਨੂੰ ਛੱਡ ਕੇ ਹਮੇਸ਼ਾ ਧਾਰਮਿਕ ਗ੍ਰੰਥ ਦੇ ਅਧਿਐਨ ਵਿਚ ਮਗਨ ਰਹਿੰਦਾ ਸੀ। ਬਹੁਤ ਜਲਦੀ ਨਿਕੋਲਸ ਇਕ ਸੰਤ ਦੇ ਰੂਪ ਵਿਚ ਪ੍ਰਸਿੱਧ ਹੋ ਗਿਆ ਅਤੇ ਅਨੇਕ ਦੇਸ਼ਾਂ ਵਿਚ ਇਸ ਨੂੰ ਦੇਵ ਰੂਪ ਮੰਨਿਆ ਜਾਣ ਲੱਗਾ। ਸਕੇਂਡੇਨੇਵੀਆ ਦਾ ਬਰਫੀਲਾ ਜੀਵ ‘ਰੇਂਡੀਅਰ’ ਇਸ ਦਾ ਸਾਥੀ ਬਣ ਗਿਆ। ਅਮਰੀਕਾ ਨਿਵਾਸੀ ਪਹਿਲਾਂ ਪਹਿਲ ਸਾਂਤਾਕਲਾਜ਼ ਨੂੰ ‘ਸਿੰਟਰਕਲਾਜ਼’ ਦਾ ਨਾਂਅ ਦਿੰਦੇ ਸਨ। ਹੌਲੀ-ਹੌਲੀ ‘ਸਿੰਟਰ ਕਲਾਜ਼’ ਨੂੰ ‘ਸਾਂਤਾਕਲਾਜ਼’ ਵਿਚ ਪਰਿਵਰਤਿਤ ਕਰ ਦਿੱਤਾ ਗਿਆ ਅਤੇ ਸਾਰਿਆਂ ਦੀ ਸੁਵਿਧਾ ਲਈ ਸੰਤ ਨਿਕੋਲਸ ਦਿਵਸ ਨੂੰ ‘ਕ੍ਰਿਸਮਸ ਦਿਵਸ’ ਨਾਲ ਜੋੜ ਦਿੱਤਾ ਗਿਆ ਅਤੇ 25 ਦਸੰਬਰ ਨੂੰ ਸਮੂਹਿਕ ਰੂਪ ਵਿਚ ਮਨਾਇਆ ਜਾਣ ਲੱਗਾ।
ਅੱਜ ਦਾ ਸ਼ਾਂਤਾਕਲਾਜ਼ ਵਾਸਤਵ ਵਿਚ ਇਕ ਮਜ਼ਾਕੀਆ ਚਰਿੱਤਰ ਹੈ ਜਿਸ ਦੀ ਸਫੈਦ ਦਾੜ੍ਹੀ, ਲਾਲ ਰੰਗ ਦੀ ਖੂਬਸੂਰਤ ਪੌਸ਼ਾਕ ਅਤੇ ਰੇਂਡੀਅਰ ਦੁਆਰਾ ਖਿੱਚੀ ਜਾਣ ਵਾਲੀ ‘ਸਲੇਜ’ (ਗੱਡੀ) ਮੱਲੋ-ਮੱਲੀ ਬੱਚਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਦੇ ਆਲੇ-ਦੁਆਲੇ ਸੁੰਦਰ ਅਤੇ ਚਮਕ-ਦਮਕ ਬਿਖੇਰਨ ਵਾਲਾ ਵਾਤਾਵਰਣ ਵਾਸਤਵ ਵਿਚ ਸਕੇਂਡੇਨੇਵੀਆ ਦੀਆਂ ਪਰੀਕਥਾਵਾਂ ਦਾ ਪ੍ਰਭਾਵ ਛੱਡਦਾ ਹੈ। ਜਦ ਕਿ ਇਸ ਦੀ ਪੌਸ਼ਾਕ ਮੱਧਕਾਲੀਨ ਬਿਸ਼ਪ ਦੇ ਪੂਜਾ ਵਸਤਰ ਅਤੇ ਬਾਕੀ ਸਾਮਾਨ ਤੋਂ ਲਈ ਗਈ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਪ੍ਰਸਿੱਧ ਕਵੀ ‘ਕਲੇਮੇਂਟ ਸੀ ਮੂਰ’ ਦੀ ਇਕ ਕਵਿਤਾ ‘ਏ ਵਿਜਿਟ ਫ੍ਰਾਮ ਸੇਂਟ ਨਿਕੋਲਸ’ ਵਿਚ ਦਰਸਾਈਆਂ ਗਈਆਂ ਹਨ। ਕਹਿੰਦੇ ਹਨ ਕਿ ਇਸ ਕਵਿਤਾ ਨੇ ਇਸ ਚਰਿੱਤਰ ਨੂੰ ਵਿਸ਼ਵ ਪ੍ਰਸਿੱਧੀ ਹਾਸਿਲ ਕਰਵਾਈ। ਅਲੱਗ-ਅਲੱਗ ਦੇਸ਼ਾਂ ਵਿਚ ਸਾਂਤਾਕਲਾਜ਼ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਇੰਗਲੈਂਡ ’ਚ ‘ਫਾਦਰ ਕ੍ਰਿਸਮਸ’, ਰੂਸ ਵਿਚ ‘ਦਾਦਾ ਫ੍ਰਾਸਟ’ ਅਤੇ ਸਕੇਂਡੇਨੇਵੀਆ ਵਿਚ ‘ਜੁਲੀਨੀਸੇਨ’ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ।
ਇਸੇ ਤਰ੍ਹਾਂ ਨਾਰਵੇ, ਸਵੀਡਨ ਅਤੇ ਡੈਨਮਾਰਕ ਵਿਚ ‘ਟਾਮਟੇ’ ਨਾਮਕ ਇਕ ਬਾਬਾ ਅਤੇ ਟੋਕਰੀ ਵਿਚ ਉਪਹਾਰ ਰੱਖ ਕੇ ‘ਟਾਮਟਾਰ’ ਨਾਮਕ ਇਕ ਬੁੱਢੀ ਮਹਿਲਾ ਬੱਚਿਆਂ ਨੂੰ ਉਪਹਾਰ, ਸੌਗਾਤਾਂ ਵੰਡਦੇ ਹਨ। ਜਰਮਨੀ ਵਿਚ 5 ਦਸੰਬਰ ‘ਸੰਤ ਨਿਕੋਲਸ’ ਬਣੇ ਬਾਬਾ ਬੱਚਿਆਂ ਦਾ ਵਿਵਹਾਰ ਦੇਖਣ ਆਉਂਦੇ ਹਨ ਅਤੇ ਫਿਰ ਅਗਲੇ ਦਿਨ ਅੱਛੇ ਚੁਣੇ ਗਏ ਬੱਚਿਆਂ ਨੂੰ ਉਪਹਾਰ ਅਤੇ ਮਠਿਆਈਆਂ ਦਿੰਦੇ ਹਨ। ਬੈਲਜ਼ੀਅਮ ਅਤੇ ਹਾਲੈਂਡ ਵਿਚ ਕ੍ਰਿਸਮਸ ਤੋਂ ਇਕ ਦਿਨ ਪਹਿਲਾਂ ਜਾਂ 5 ਦਸੰਬਰ ਨੂੰ ਬੱਚੇ ਆਪਣੇ ਜੁੱਤੇ ਅਤੇ ਮੌਜੇ ਉੱਚੀ ਥਾਂ ਬਾਹਰਵਾਰ ਟੰਗ ਦਿੰਦੇ ਹਨ ਸਵੇਰੇ ਉਠਦਿਆਂ ਉਨ੍ਹਾਂ ਨੂੰ ਸੌਗਾਤਾਂ ਅਤੇ ਮਠਿਆਈਆਂ ਨਾਲ ਉਹ ਭਰੇ ਮਿਲ ਜਾਂਦੇ ਹਨ। ਇਟਲੀ ਵਿਚ 6 ਜਨਵਰੀ ਨੂੰ ‘ਲਾ ਬੇਫਾਨਾ’ ਨਾਮਕ ਇਕ ਬੁੱਢੀ ਔਰਤ ਦੁਆਰਾ ਬੱਚਿਆਂ ਨੂੰ ਉਪਹਾਰ ਮਿਲਦੇ ਹਨ। ਮੈਕਸੀਕੋ ਅਤੇ ਮੱਧ ਅਮਰੀਕਨ ਦੇਸ਼ਾਂ ਵਿਚ ਤਾਂ ਇਹ ਰਿਵਾਜ ਬੜਾ ਨਿਰਾਲਾ ਹੈ। 6 ਦਸੰਬਰ ਨੂੰ ਇਕ ਮਿੱਟੀ ਦੇ ਜਾਰ ‘ਪਿਨਾਟਾ’ ਨੂੰ ਟਾਫੀਆਂ ਅਤੇ ਹੋਰ ਫਲਾਂ ਨਾਲ ਭਰ ਕੇ ਕਿਸੀ ਉੱਚੀ ਥਾਂ ਟੰਗ ਦਿੱਤਾ ਜਾਂਦਾ ਹੈ ਫਿਰ ਵਾਰੀ-ਵਾਰੀ ਬੱਚਿਆਂ ਕੋਲੋਂ ਅੱਖਾਂ ’ਤੇ ਪੱਟੀ ਬੰਨ੍ਹਾ ਕੇ ਲੱਕੜੀ ਨਾਲ ਉਹ ਜਾਰ ਤੋੜਿਆ ਜਾਂਦਾ ਹੈ, ਜਿਵੇਂ ਹੀ ਉਹ ਜਾਰ ਟੁੱਟਦਾ ਹੈ ਬੱਚੇ ਉਸ ਉੱਤੇ ਝਪਟ ਪੈਂਦੇ ਹਨ। ਇਸੀ ਤਰ੍ਹਾਂ ਹੋਰ ਵੀ ਅਨੇਕ ਪ੍ਰੰਪਰਾਵਾਂ ਪ੍ਰਚਲਿਤ ਹਨ।
ਅੱਜ ਦੇ ਵਿਗਿਆਨਕ ਯੁੱਗ ਵਿਚ ਆਨ ਲਾਈਨ ਕ੍ਰਿਸਮਸ ਵੀ ਮਨਾਈ ਜਾ ਸਕਦੀ ਹੈ। ਇਸ ਦੇ ਪਿਛੇ ਹੈ ਸਾਡਾ ਜਾਣਿਆ-ਪਹਿਚਾਣਿਆ ਇੰਟਰਨੈੈੱਟ।
ਸੋ ਪਿਆਰੇ ਪਾਠਕੋ, ਕ੍ਰਿਸਮਸ ਕੇਵਲ ਉਪਹਾਰਾਂ ਦੇ ਅਦਾਨ-ਪ੍ਰਦਾਨ ਵਧਾਈ ਕਾਰਡ ਭੇਜਣ, ਕ੍ਰਿਸਮਸ ਦਰੱਖਤ ਸਜਾਉਣ, ਅਨੰਦਮਈ ਗਾਣੇ ਗਾਉਣ ਜਾਂ ਫਿਰ ਕੇਵਲ ਦਾਅਵਤਾਂ ਖਾਣ ਦਾ ਹੀ ਪੁਰਬ ਨਹੀਂ ਹੈ, ਬਲਕਿ ਸਹੀ ਅਰਥਾਂ ਵਿਚ ਇਹ ਸੰਪੂਰਨ ਵਿਸ਼ਵ ਨੂੰ ਸ਼ਾਂਤੀ ਅਤੇ ਸਦਭਾਵਨਾ ਦੀ ਪ੍ਰੇ੍ਰਰਨਾ ਦੇਣ ਦਾ ਪਾਵਨ ਪੁਰਬ ਹੈ।