ਜ਼ਰਾਂ ਬੱਚ ਕੇ ਮੋੜ ਤੋਂ...! ਸੜਕ ਸੁਰੱਖਿਆ ਤਹਿਤ ਪ੍ਰਸਾਸ਼ਨ ਨੇ ਚਲਾਈ ਨਵੇਕਲੀ ਮੁਹਿੰਮ
ਹੁਸ਼ਿਆਰਪੁਰ, 19 ਜਨਵਰੀ :
ਸੜਕ ਸੁਰੱਖਿਆ ਸਪਤਾਹ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸੜਕ ਦੁਰਘਟਨਾਵਾਂ ਦੀ ਰੋਕਥਾਮ ਅਤੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਆਵਾਜਾਈ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਅਪਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਅਗਵਾਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਦੇ ਤਾਲਮੇਲ ਨਾਲ ਆਮ ਲੋਕਾਂ ਤੱਕ ਸੜਕ ਸੁਰੱਖਿਆ ਨਾਲ ਜੁੜੀਆਂ ਜ਼ਰੂਰੀ ਸੁਵਿਧਾਵਾਂ ਅਤੇ ਜਾਣਕਾਰੀ ਪਹੁੰਚਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ।
ਮੁਹਿੰਮ ਤਹਿਤ ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋਂ, ਓਵਰਸਪੀਡਿੰਗ ਤੋਂ ਬਚਾਅ, ਨਸ਼ੇ ਵਿਚ ਵਾਹਨ ਨਾ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੇ ਪਾਲਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ’ਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਹਰ ਵਰਗ ਤੱਕ ਸੜਕ ਸੁਰੱਖਿਆ ਦਾ ਸੰਦੇਸ਼ ਪਹੁੰਚੇ।
ਆਰ.ਟੀ.ਓ ਅਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਸਟ੍ਰਿਕਟ ਰੋਡ ਸੇਫਟੀ ਵਰਕਸ ਤਹਿਤ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵੱਲੋਂ ਜ਼ਿਲ੍ਹੇ ਦੀਆਂ ਪ੍ਰਮੁੱਖ ਸੜਕਾਂ ’ਤੇ ਸੁਧਾਰ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਕੰਮਾਂ ਵਿਚ ਸੜਕ ਚਿੰਨ੍ਹਾਂ ਦੀ ਸਥਾਪਨਾ, ਸਪੀਡ ਬਰੇਕਰ, ਰਿਫਲੈਕਟਰ, ਸਾਈਨ ਬੋਰਡ ਅਤੇ ਬਲੈਕ ਸਪੋਟਸ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਸਾਨ ਯਾਤਰਾ ਯਕੀਨੀ ਹੋ ਸਕੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸੜਕ ਸੁਰੱਖਿਆ ਕੇਵਲ ਪ੍ਰਸ਼ਾਸਨ ਦੀ ਨਹੀਂ, ਬਲਾਕਿ ਸਮਾਜ ਦੇ ਹਰੇਕ ਨਾਗਰਿਕ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਖ਼ੁਦ ਵੀ ਸੁਰੱਖਿਅਤ ਰਹੇ ਅਤੇ ਦੂਜਿਆਂ ਦੀ ਸੁਰੱਖਿਆ ਵਿਚ ਵੀ ਯੋਗਦਾਨ ਦੇਣ।