ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ
ਅਸ਼ੋਕ ਵਰਮਾ
ਬਠਿੰਡਾ, 7 ਅਕਤੂਬਰ 2055 : ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਵੱਲੋਂ ਪ੍ਰਧਾਨ ਸ਼੍ਰੀ ਹਰਪਾਲ ਸਿੰਘ ਖੁਰਮੀ ਅਤੇ ਚੇਅਰਪਰਸਨ ਮੈਡਮ ਸਤਵੰਤ ਕੌਰ ਦੀ ਅਗਵਾਈ ਹੇਠ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਪੀੜਤਾਂ ਦੀ ਸਹਾਇਤਾ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਕੌਂਸਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰੰਗਲਾ ਪੰਜਾਬ ਸੁਸਾਇਟੀ, ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਨਾਮ ਇੱਕ ਲੱਖ ਰੁਪਏ ਦਾ ਚੈੱਕ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੂੰ ਭੇਂਟ ਕੀਤਾ।ਇਸ ਮੌਕੇ ਸ੍ਰੀ ਹਰਪਾਲ ਸਿੰਘ ਖੁਰਮੀ ਨੇ ਕਿਹਾ ਕਿ ਸੀਨੀਅਰ ਸਿਟੀਜਨ ਕੌਂਸਲ ਹਮੇਸ਼ਾ ਹੀ ਸਮਾਜਕ ਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਰਹੀ ਹੈ ਅਤੇ ਹੜ੍ਹ ਪੀੜਤ ਭਰਾਵਾਂ ਦੀ ਸਹਾਇਤਾ ਕਰਨਾ ਸਾਡੇ ਸਾਰਿਆਂ ਦਾ ਫ਼ਰਜ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਨੇ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਉਲਟਾ ਕੇ ਰੱਖ ਦਿੱਤੀ ਹੈ ਅਤੇ ਹਰ ਵਰਗ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਉਪ ਪ੍ਰਧਾਨ ਸ਼੍ਰੀ ਐਮ.ਐਸ. ਮਾਵੀ, ਜਨਰਲ ਸਕੱਤਰ ਸ਼੍ਰੀ ਮੱਖਣ ਸਿੰਘ ਰੂਪਲ, ਵਿੱਤੀ ਸਕੱਤਰ ਸ੍ਰੀ ਹਰੀਸ਼ ਕਾਂਸਲ, ਆਰਗੇਨਾਈਜ਼ਿੰਗ ਸਕੱਤਰ ਸ਼੍ਰੀ ਹਰਮੰਦਰ ਸਿੰਘ ਸਿੱਧੂ ਅਤੇ ਮੈਂਬਰ ਸ਼੍ਰੀ ਪਵਨ ਛਾਬੜਾ ਮੌਜੂਦ ਸਨ।
ਸ਼੍ਰੀ ਅਮਰਜੀਤ ਮਹਿਤਾ ਨੇ ਕੌਂਸਲ ਦੇ ਇਸ ਸੁਹਿਰਦ ਜਜ਼ਬੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਰਕਮ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਰਾਹੀਂ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਮਾਜ ਵਿੱਚ ਮਾਨਵਤਾ ਤੇ ਭਾਈਚਾਰੇ ਦਾ ਸੰਦੇਸ਼ ਪਹੁੰਚਾਉਂਦੇ ਹਨ ਅਤੇ ਹੋਰ ਸੰਗਠਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ।