ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ-ਪੱਤਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 29 ਅਗਸਤ 2025
ਕਿਰਤੀ ਕਿਸਾਨ ਯੂਨੀਅਨ ਦਾ ਵਫਦ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ ਅਤੇ ਮੰਗ-ਪੱਤਰ ਸੌਂਪਿਆ। ਇਹ ਮੰਗ-ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਣ ਲਈ ਦਿੱਤਾ ਗਿਆ। ਇਸ ਮੰਗ-ਪੱਤਰ ਵਿੱਚ ਸ਼ਾਮਲ ਮੰਗਾਂ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਪ੍ਰਤੀ ਏਕੜ 50 ਹਜ਼ਾਰ ਰੁਪਏ ਦੇਣ ਅਤੇ ਪ੍ਰਤੀ ਮੱਝ ਜਾਂ ਗਊ 1 ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ। ਦੂਜੇ ਹੋਰ ਛੋਟੇ ਵੱਡੇ ਪਸ਼ੂਆਂ ਦਾ 20 ਹਜ਼ਾਰ ਰੁਪਏ ਤੋਂ 50 ਹਜ਼ਾਰ ਰੁਪਏ ਨਕਦ ਰਾਸ਼ੀ ਦਿੱਤੀ ਜਾਵੇ। ਮਜ਼ਦੂਰ ਪ੍ਰੀਵਾਰ ਨੂੰ ਵੀ 50 ਹਜ਼ਾਰ ਰੁਪਏ ਨਕਦ ਦਿੱਤੇ ਜਾਣ। ਜਿਨ੍ਹਾਂ ਪ੍ਰੀਵਾਰਾਂ ਦੇ ਕਿਸੇ ਵੀ ਜੀਅ ਦੀ ਮੌਤ ਹੋ ਗਈ ਹੈ, ਉਸ ਦੇ ਪ੍ਰੀਵਾਰ ਨੂੰ 20 ਲੱਖ ਰੁਪਏ ਦੇਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਦਰਿਆਵਾਂ, ਨਹਿਰਾਂ, ਚੋਆਂ, ਡਰੇਨਾਂ ਖਾਲਿਆਂ ਦੀ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਫਾਈ ਕਰਾਈ ਜਾਵੇ। ਹੜ੍ਹਾਂ ਨੂੰ ਕੰਟਰੋਲ ਕਰਨ ਲਈ ਸਾਰਾ ਸਾਲ ਖੇਤਾਂ ਦੀ ਸਿੰਚਾਈ ਕਰਨ ਲਈ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ। ਪਾਣੀਆਂ ਦਾ ਰੇੜਕਾ ਖਤਮ ਕਰਨ ਲਈ ਰਿਪੇਰੀਅਨ ਕਾਨੂੰਨ ਅਨੁਸਾਰ ਪਾਣੀਆਂ ਦੀ ਵੰਡ ਕੀਤੀ ਜਾਵੇ ਅਤੇ ਹੈੱਡ ਵਰਕਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ। ਦਰਿਆਵਾਂ ਵਿੱਚ ਸਾਰਾ ਸਾਲ ਪਾਣੀ ਦਾ ਵਹਾਅ ਲਾਜ਼ਮੀ ਕੀਤਾ ਜਾਵੇ ਤਾਂ ਕਿ ਹੜ੍ਹ ਆਉਂਣ ਦੀ ਸੰਭਾਵਨਾ ਘੱਟ ਹੋਵੇ। ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣ ਰਹੀਆਂ ਸੜਕਾਂ ਅਤੇ ਸੂਬੇ ਦੀਆਂ ਮੁੱਖ ਸੜਕਾਂ ਉੱਪਰ ਪਾਣੀ ਦੀ ਨਿਕਾਸੀ ਲਈ ਪੁੱਲ ਬਣਾਏ ਜਾਣ ਤਾਂ ਜੋ ਉਪਜਾਊ ਜਮੀਨ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾਵੇ। ਇਸ ਸਮੇਂ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ ਸਕੱਤਰ, ਕੁਲਵੀਰ ਸਿੰਘ ਪ੍ਰਧਾਨ ਨਵਾਂਸ਼ਹਿਰ, ਸੁਰਿੰਦਰ ਸਿੰਘ ਮਹਿਰਮਪੁਰ ਪ੍ਰਧਾਨ ਔੜ, ਰਾਮ ਜੀ ਦਾਸ ਸਨਾਵਾ, ਸੋਹਣ ਸਿੰਘ ਅਟਵਾਲ ਸਕੱਤਰ ਏਰੀਆ ਕਮੇਟੀ ਬੰਗਾ, ਜਸਵੀਰ ਸਿੰਘ ਮੰਗੂਵਾਲ, ਕੇਵਲ ਸਿੰਘ ਲੰਗੜੋਆ, ਜਗਤਾਰ ਸਿੰਘ ਜਾਡਲਾ, ਮੋਹਣ ਸਿੰਘ ਲੰਗੜੋਆ, ਕੁਲਵਿੰਦਰ ਸਿੰਘ ਉਸਮਾਨਪੁਰ,ਅਜੈਬ ਸਿੰਘ ਉਸਮਾਨਪੁਰ,ਬਿੱਕਰ ਸਿੰਘ ਸ਼ੇਖੂਪੁਰ, ਕਰਨੈਲ ਸਿੰਘ ਉੜਾਪੜ, ਚਰਨ ਸਿੰਘ ਉੜਾਪੜ, ਅਵਤਾਰ ਸਿੰਘ ਸਕੋਹਪੁਰ, ਤੀਰਥ ਰਾਮ ਮੂਸਾਪੁਰ ਅਤੇ ਹੋਰ ਹਾਜ਼ਰ ਸਨ।