ਹੈਰੋਇਨ ਅਤੇ ਮੋਟਰਸਾਈਕਲ ਸਮੇਤ ਦੋ ਨਸ਼ਾ ਤਸਕਰ ਕਾਬੂ
ਦੀਪਕ ਜੈਨ
ਜਗਰਾਉਂ, 18 ਅਪ੍ਰੈਲ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਥਾਣਾ ਸਿਟੀ ਜਗਰਾਓ ਵੱਲੋਂ ਦੋ ਨਸ਼ਾ ਤਸਕਰਾਂ ਨੂੰ 10 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਸਿਟੀ ਜਗਰਾਓ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਏਐਸਆਈ ਸੁਖਦੇਵ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਬਰਾਏ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮਲਕ ਚੌਂਕ ਜਗਰਾਉਂ ਮੇਨ ਨੈਸ਼ਨਲ ਹਾਈਵੇ ਉੱਤੇ ਮੌਜੂਦ ਸਨ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਓਮਕਾਰ ਸਿੰਘ ਉਰਫ ਬੱਬੂ ਪੁੱਤਰ ਜਸਵਿੰਦਰ ਸਿੰਘ ਵਾਸੀ ਨੇੜੇ ਕੁਸ਼ਟ ਆਸ਼ਰਮ ਮਾਈ ਜੀਨਾ ਮਹੱਲਾ ਜਗਰਾਉਂ ਅਤੇ ਮਨਪ੍ਰੀਤ ਸਿੰਘ ਉਰਫ ਮਣੀ ਉੱਤਰ ਦਲਜੀਤ ਸਿੰਘ ਵਾਸੀ ਪਿੰਡ ਅਖਾੜਾ ਹਾਲ ਵਾਸੀ ਨੇੜੇ ਪੁਰਾਣਾ ਸਨਮਤੀ ਸਕੂਨ ਕੱਚਾ ਮਲਕ ਰੋਡ ਜਗਰਾਉਂ। ਜੋ ਕਿ ਇਲਾਕੇ ਵਿੱਚ ਨਸ਼ਾ ਤਸਕਰੀ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ ਅਤੇ ਅੱਜ ਵੀ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਆਪਣੇ ਮੋਟਰਸਾਈਕਲ ਨੰਬਰ ਪੀਵੀ 25 ਜੇ 7442 ਉੱਤੇ ਸਵਾਰ ਹੋ ਕੇ ਚੁੰਗੀ ਨੰਬਰ ਪੰਜ ਤੋਂ ਕੋਠੇ ਖਜੂਰਾਂ ਹੁੰਦੇ ਹੋਏ ਪਿੰਡ ਅਲੀਗੜ੍ਹ ਵਾਲੀ ਸਾਈਡ ਨੂੰ ਜਾ ਰਹੇ ਹਨ।
ਜਿਨਾਂ ਨੂੰ ਡਰੇਨ ਪੁੱਲ ਬਾਹੱਦ ਕੋਠੇ ਖਜੂਰਾਂ ਨਾਕਾਬੰਦੀ ਕਰਕੇ ਰੋਕਿਆ ਗਿਆ ਅਤੇ ਜਦੋਂ ਉਕਾਰ ਸਿੰਘ ਬੱਬੂ ਅਤੇ ਮਨਪ੍ਰੀਤ ਸਿੰਘ ਉਰਫ ਮਣੀ ਉਕਤਾਨ ਦੀ ਤਲਾਸ਼ੀ ਲਿੱਤੀ ਗਈ ਤਾਂ ਉਹਨਾਂ ਪਾਸੋਂ 10 ਗ੍ਰਾਮ ਹਰੋਇਨ ਬਰਾਮਦ ਹੋਈ। ਉਹਨਾਂ ਦਾ ਉਕਤ ਮੋਟਰਸਾਈਕਲ ਵੀ ਜਬਤ ਕਰ ਲਿੱਤਾ ਗਿਆ ਹੈ। ਜਿਸ ਉੱਪਰ ਉਹ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਸਨ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।