ਹਾਕੀ ਦੇ 'ਦੋਣਾਚਾਰੀਆ' ਬਲਦੇਵ ਸਿੰਘ ਨੂੰ 'ਪਦਮ ਸ਼੍ਰੀ': ਲੁਧਿਆਣਾ ਦੀ ਮਿੱਟੀ ਦਾ ਮਾਣ ਹੁਣ ਦੇਸ਼ ਦੀ ਸ਼ਾਨ!
ਸੁਖਮਿੰਦਰ ਭੰਗੂ
ਲੁਧਿਆਣਾ 25 ਜਨਵਰੀ 2026- ਭਾਰਤੀ ਹਾਕੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਨਾਮ ਦਰਜ ਕਰਵਾਉਣ ਵਾਲੇ ਅਜ਼ੀਮ ਕੋਚ ਬਲਦੇਵ ਸਿੰਘ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼੍ਰੀ' ਪੁਰਸਕਾਰ ਦੇਣ ਦੇ ਐਲਾਨ ਨੇ ਖੇਡ ਜਗਤ ਅਤੇ ਖਾਸ ਕਰਕੇ ਲੁਧਿਆਣਾ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।
ਕਪਤਾਨਾਂ ਦੇ ਮਾਰਗਦਰਸ਼ਕ ਅਤੇ ਹਾਕੀ ਦੇ ਜੌਹਰੀ
ਬਲਦੇਵ ਸਿੰਘ ਸਿਰਫ ਇੱਕ ਕੋਚ ਨਹੀਂ, ਸਗੋਂ ਹਾਕੀ ਦੇ ਅਜਿਹੇ ਜੌਹਰੀ ਹਨ ਜਿਨ੍ਹਾਂ ਨੇ ਭਾਰਤੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਅਤੇ ਅੰਤਰਰਾਸ਼ਟਰੀ ਔਰਤ ਖਿਡਾਰਨਾਂ ਦਿੱਤੀਆਂ। ਉਨ੍ਹਾਂ ਦੀ ਅਗਵਾਈ ਹੇਠ ਸ਼ਾਹਬਾਦ ਮਾਰਕੰਡਾ 'ਮਹਿਲਾ ਹਾਕੀ ਦੀ ਨਰਸਰੀ' ਵਜੋਂ ਉੱਭਰਿਆ, ਜਿਸ ਨੇ ਦੇਸ਼ ਨੂੰ ਕਈ ਓਲੰਪੀਅਨ ਦਿੱਤੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਨਿੱਘੀ ਮੁਬਾਰਕਬਾਦ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੇ ਪੁਰਾਣੇ ਮਿੱਤਰ ਦੀ ਇਸ ਪ੍ਰਾਪਤੀ 'ਤੇ ਭਾਵੁਕ ਹੁੰਦਿਆਂ ਕਿਹਾ, "ਬਲਦੇਵ ਸਿੰਘ ਨੇ ਆਪਣਾ ਸਫ਼ਰ ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਅਤੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਤੋਂ ਸ਼ੁਰੂ ਕੀਤਾ ਸੀ। 1971-72 ਦੇ ਉਸ ਦੌਰ ਵਿੱਚ ਹੀ ਉਨ੍ਹਾਂ ਦੀ ਖੇਡ ਪ੍ਰਤੀ ਲਗਨ ਦਿਖਦੀ ਸੀ। ਅੱਜ ਉਨ੍ਹਾਂ ਨੂੰ ਇਹ ਸਨਮਾਨ ਮਿਲਣਾ ਹਰ ਪੰਜਾਬੀ ਅਤੇ ਖੇਡ ਪ੍ਰੇਮੀ ਲਈ ਮਾਣ ਵਾਲੀ ਗੱਲ ਹੈ।"
ਸਫ਼ਰ -ਲੁਧਿਆਣਾ ਤੋਂ ਪਦਮ ਸ਼੍ਰੀ ਤੱਕ
ਮੁੱਢਲੀ ਸਿੱਖਿਆ: ਮਾਲਵਾ ਖਾਲਸਾ ਹਾਈ ਸਕੂਲ ਅਤੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ, ਲੁਧਿਆਣਾ।
ਪ੍ਰੇਰਨਾ: ਆਰੀਆ ਕਾਲਜ ਵਿੱਚ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਸੰਗਤ ਨੇ ਖੇਡ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ ਸੁਪਨਾ ਦਿੱਤਾ।
ਪ੍ਰਾਪਤੀਆਂ
ਇਸ ਤੋਂ ਪਹਿਲਾਂ ਉਹ ਖੇਡ ਜਗਤ ਦਾ ਵੱਕਾਰੀ 'ਦਰੋਣਾਚਾਰੀਆ ਐਵਾਰਡ' ਵੀ ਆਪਣੇ ਨਾਮ ਕਰ ਚੁੱਕੇ ਹਨ। ਉਹ ਲੁਧਿਆਣਾ ਦੇ ਪਿੰਡ ਹੈਬੋਵਾਲ ਦੇ ਵਸਨੀਕ ਹਨ। ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਦੇ ਪ੍ਰਧਾਨ ਅਤੇ ਸਾਬਕਾ ਵਾਈਸ ਚਾਂਸਲਰ ਡਾ. ਐੱਸ. ਪੀ. ਸਿੰਘ ਨੇ ਵੀ ਇਸ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਬਲਦੇਵ ਸਿੰਘ ਦੀ ਸਖ਼ਤ ਮਿਹਨਤ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਨੇਕ ਹੋਣ ਤਾਂ ਮੰਜ਼ਿਲਾਂ ਕਦਮ ਚੁੰਮਦੀਆਂ ਹਨ।