ਸੂਬੇ ਅੰਦਰ ਗੁਣਾਤਮਿਕ ਸਿੱਖਿਆ ਨੂੰ ਪਹਿਲ ਦੇਣਾ ਸੂਬਾ ਸਰਕਾਰ ਦਾ ਮੁੱਖ ਉਦੇਸ਼ - ਹਰਪਾਲ ਚੀਮਾ
- ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਸਮਾਗਮ 'ਚ ਕੀਤੀ ਸ਼ਿਰਕਤ
- ਮਹਾਨ ਦਾਨੀ ਲਾਲਾ ਮਹਿੰਦਰ ਰਾਮ ਚੁੰਬਰ ਯਾਦਗਾਰੀ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਗੜ੍ਹਸ਼ੰਕਰ/ਹੁਸ਼ਿਆਰਪੁਰ, 29 ਅਗਸਤ 2025 - ਸੂਬੇ ਅੰਦਰ ਗੁਣਾਤਮਿਕ ਸਿੱਖਿਆ ਨੂੰ ਪਹਿਲ ਦੇਣਾ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ, ਜਿਸ ਦੀ ਬਦੌਲਤ ਸੂਬੇ ਅੰਦਰ ਖੋਲ੍ਹੇ ਸਕੂਲ ਆਫ ਐਮੀਨੈਂਸ ਸਕੂਲਾਂ ਵਿਚੋਂ 44 ਬੱਚੇ ਜੇ.ਈ.ਦੀ ਪ੍ਰੀਖਿਆ ਪਾਸ ਕਰਨ ਵਿਚ ਸਫਲ ਹੋਏ ਹਨ। ਇਹ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਅਤੇ ਬਾਬਾ ਸੁਮਨ ਦਾਸ ਜੀ ਦੇ ਜਨਮ ਦਿਹਾੜੇ 'ਤੇ ਕਰਵਾਏ ਸਮਾਗਮ ਮੌਕੇ ਪ੍ਰਗਟ ਕੀਤੇ।
ਉਨ੍ਹਾਂ ਸੰਗਤਾਂ ਨੂੰ ਸਮਾਗਮ ਦੀਆਂ ਵਧਾਈਆ ਦਿੰਦਿਆਂ ਸਮੁੱਚੀ ਪ੍ਰਬੰਧਕ ਕਮੇਟੀ ਦੀ ਇਨ੍ਹਾਂ ਉਪਰਾਲਿਆ ਲਈ ਪ੍ਰਸੰਸਾ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੇ 5 ਹਜ਼ਾਰ ਅਨੁਸੂਚਿਤ ਜਾਤੀ ਪਰਿਵਾਰਾਂ ਦੇ ਐਸ.ਸੀ.ਕਾਰਪੋਰੇਸ਼ਨ ਦੇ ਕਰਜ਼ੇ ਮੁਆਫ਼ ਕਰਕੇ ਇਨ੍ਹਾਂ ਦਲਿਤ ਪਰਿਵਾਰਾ ਨੂੰ ਵੱਡੀ ਰਾਹਤ ਪ੍ਰਦਾਨ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗੁਰੂ ਘਰ ਵਿਖੇ ਹਰੇਕ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰੇਗੀ, ਤਾਂ ਜੋ ਦੇਸ਼-ਵਿਦੇਸ਼ ਤੋਂ ਗੁਰੂ ਦਰਸ਼ਨਾਂ ਲਈ ਪਹੁੰਚ ਰਹੀਆਂ ਸੰਗਤਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਮਹਾਨ ਦਾਨੀ ਲਾਲਾ ਮਹਿੰਦਰ ਰਾਮ ਚੁੰਬਰ, ਵਾਸੀ ਮੀਰਪੁਰ ਜੱਟਾਂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪ੍ਰਧਾਨ ਆਪ ਐਸ.ਸੀ ਵਿੰਗ ਪੰਜਾਬ ਨੇ ਕਿਹਾ ਕਿ ਗੁਰੂ ਘਰ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੂਬਾ ਸਰਕਾਰ ਨੇ ਇਸੇ ਅਸਥਾਨ 'ਤੇ ਕਰੀਬ ਇਕ ਕਰੋੜ ਰੁਪਏ ਖ਼ਰਚ ਕਰਕੇ 1100 ਫੁੱਟ ਡੂੰਘਾ ਟਿਊਬਵੈਲ ਲਗਾ ਕੇ ਸੰਗਤਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਭਵਿੱਖ 'ਚ ਸੰਗਤਾਂ ਨੂੰ ਕੋਈ ਵੀ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਰਛਪਾਲ ਰਾਜੂ ਡਾਇਰੈਕਟਰ ਐਸ.ਸੀ ਕਾਰਪੋਰੇਸ਼ਨ, ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਐਲ.ਆਰ.ਵਿਰਦੀ ਨੇ ਜਿਥੇ ਪੰਜਾਬ ਦੇ ਵਿੱਤ ਮੰਤਰੀ, ਡਿਪਟੀ ਸਪੀਕਰ ਅਤੇ ਸੰਗਤਾਂ ਦਾ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ, ਉਥੇ ਉਨ੍ਹਾਂ ਗੁਰੂ ਘਰ ਵਿਖੇ ਸੰਗਤਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਤ-ਮਹਾਪੁਰਸ਼ਾਂ ਦਾ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਗਾਇਕਾਂ ਅਤੇ ਕੀਰਤਨੀ ਜਥਿਆਂ ਨੇ ਵੀ ਹਾਜ਼ਰੀਆਂ ਭਰੀਆਂ। ਇਸ ਮੌਕੇ ਪੰਜਾਬ ਭਰ ਖਾਸ ਕਰਕੇ ਮਾਲਵਾ ਖੇਤਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਅਤੇ ਸੇਵਾਦਾਰਾਂ ਨੇ ਜਿਥੇ ਸੰਗਤਾਂ ਲਈ ਲਗਾਤਾਰ ਤਿੰਨ ਦਿਨ ਲੰਗਰ ਲਗਾਏ, ਉੱਥੇ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ।
ਇਸ ਮੌਕੇ ਸੰਤ ਮਾਂਗਨ ਦਾਸ ਮੱਧ ਪ੍ਰਦੇਸ਼, ਸੰਤ ਬਖਸ਼ੀ ਰਾਮ ਜਗਾਧਰੀ, ਸੰਤ ਸੈਮ ਪ੍ਰਕਾਸ਼ ਨਨਹੇੜੀ ਹਰਿਆਣਾ, ਸੰਤ ਜੀਵਨ ਦਾਸ ਲਲਿਤਪੁਰ ਉੱਤਰ ਪ੍ਰਦੇਸ਼, ਸੰਤ ਸ਼ੀਲ ਪ੍ਰਸਾਦ ਉੱਤਰਾਖੰਡ, ਸੰਤ ਦਿਆਲ ਬੰਗਾ, ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ ਬੀਣੇਵਾਲ, ਮਨਜੀਤ ਮੁਗੋਵਾਲੀਆ ਪ੍ਰਧਾਨ ਡਾ.ਅੰਬੇਡਕਰ ਸਭਾ ਮਹਾਰਾਸ਼ਟਰ, ਐਲ.ਆਰ.ਵਿਰਦੀ ਕੌਮੀ ਪ੍ਰਧਾਨ ਆਦਿ ਧਰਮ ਮਿਸ਼ਨ, ਰਾਹੁਲ ਬੱਧਣ ਨਵੀਂ ਦਿੱਲੀ ਨਾਜਰ ਰਾਮ ਮਾਨ ਚੇਅਰਮੈਨ ਗੁਰੁ ਘਰ, ਪ੍ਰਿਸੀਪਲ ਸਰੂਪ ਚੰਦ ਗੜ੍ਹਸ਼ੰਕਰ, ਸੁਰਜੀਤ ਸਿੰਘ ਖਾਨਪੁਰੀ, ਹਰਬੰਸ ਸਿੰਘ ਇੰਸਪੈਕਟਰ ਪੁਲਿਸ, ਨਰੰਜਣ ਸਿੰਘ ਪੋਸਟ ਮਾਸਟਰ ਦੁਰਾਹਾ, ਦਲਵੀਰ ਰਾਜ ਮੀਤ ਪ੍ਰਧਾਨ ਆਦਿ ਧਰਮ ਮਿਸ਼ਨ ਭਾਰਤ, ਸੁਖਚੈਨ ਸਿੰਘ ਕਾਲਾ, ਮਨਜੀਤ ਮਗੋਵਾਲੀਆ, ਸੁਰਿੰਦਰ ਸਿੰਘ ਅਤੇ ਰਾਜ ਕੁਮਾਰ ਡੰਗਰਪੁਰ ਆਦਿ ਵੀ ਹਾਜਰ ਸਨ।