ਸਰਪੰਚ ਬਲਵਿੰਦਰ ਸਿੰਘ ਫੌਜੀ ਅਤੇ ਪਿੰਡ ਮਿੰਡਵਾਂ ਦੇ ਪਿੰਡ ਵਾਸੀਆਂ ਦੀ ਸੇਵਾ ਨੇ ਭਾਖੜਾ ਨਹਿਰ ਦਾ ਪਾੜ ਬਚਾਇਆ
ਆਫਤ ਸਮੇਂ ਪਿੰਡ ਦੀਆਂ ਬੀਬੀਆਂ ਨੇ ਪੂਰਾ ਸਾਥ ਦਿੱਤਾ ਪਿੰਡ ਵਾਸੀਆਂ ਦਾ ਮੈਂ ਰਿਣੀ :- ਸਰਪੰਚ ਬਲਵਿੰਦਰ ਸਿੰਘ
ਚੋਵੇਸ਼ ਲਟਾਵਾ
ਸ੍ਰੀ ਆਨੰਦਪੁਰ ਸਾਹਿਬ, 2 ਸਤੰਬਰ, 2025: ਭਾਰੀ ਬਰਸਾਤ ਕਾਰਨ ਜਿੱਥੇ ਲਗਾਤਾਰ ਮੀਂਹ ਪੈਣ ਕਾਰਨ ਮਿੱਟੀ ਵੀ ਆਪਣਾ ਬਲ ਛੱਡ ਚੁੱਕੀ ਹੈ। ਇਸੇ ਕਾਰਨ ਭਾਖੜਾ ਨਹਿਰ ਜੋ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵੱਲ ਨੂੰ ਜਾਂਦੀ ਹੈ, ’ਤੇ ਸਥਿਤ ਉਪਰਲੀ ਮਿਡਵਾਂ ਦੇ ਨਜ਼ਦੀਕ ਭਾਖੜਾ ਨਹਿਰ ’ਤੇ ਬਣੀ ਪਟੜੀ ’ਤੇ ਪਾੜ ਅਤੇ ਜ਼ਮੀਨ ਧੱਸਣੀ ਸ਼ੁਰੂ ਹੋ ਗਈ ਸੀ। ਹਾਲਾਤ ਵੇਖਦਿਆਂ ਪਿੰਡ ਵਾਸੀਆਂ ਦੀ ਨਜ਼ਰ ਪੈਂਦੇ ਹੀ ਫੌਜ ਵਿੱਚੋਂ ਰਿਟਾਇਰਡ ਆਏ ਪੜ੍ਹੇ ਲਿਖੇ ਸਰਵ ਸੰਮਤੀ ਨਾਲ ਚੁਣੇ ਗਏ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਫੌਜੀ ਦੀ ਸੂਝਬੂਝ ਕਾਰਨ ਅੱਜ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆਉਣ ਤੋਂ ਬਚ ਗਏ ਅਤੇ ਮੌਕੇ ’ਤੇ ਪਿੰਡ ਮਿਡਵਾਂ ਦੇ ਪੁਰਸ਼ਾਂ ਅਤੇ ਮਹਿਲਾਵਾਂ ਨੇ ਮਿੱਟੀ ਦੀਆਂ ਬੋਰੀਆਂ ਭਰ ਕੇ ਆਪਣੇ ਪਿੰਡ ਨੂੰ ਬਚਾਉਣ ਵਿੱਚ ਬਹੁਤ ਯੋਗਦਾਨ ਪਾਇਆ।

ਸਰਪੰਚ ਨੇ ਪਿੰਡ ਵਾਸੀਆਂ ਦਾ ਅਤੇ ਖਾਸ ਕਰਕੇ ਮਾਤਾਵਾਂ ਭੈਣਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਵਰਦੇ ਮੀਂਹ ਵਿੱਚ ਸਾਥ ਦੇ ਕੇ ਕਈ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਨੂੰ ਬਚਾ ਲਿਆ ਹੈ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਫੌਜੀ ਵੱਲੋਂ ਕੀਤਾ ਗਿਆ ਜਿੱਥੇ ਉਹ ਖੁਦ ਨਜ਼ਦੀਕੀ ਪਿੰਡਾਂ ਦੇ ਨੌਜਵਾਨਾਂ ਨਾਲ ਮਿਲ ਕੇ ਨਹਿਰ ਦਾ ਪਾੜ ਪੂਰ ਰਹੇ ਸਨ ਉੱਥੇ ਹੀ ਹਲਕਾ ਵਿਧਾਇਕ ਤੇ ਮੌਜੂਦਾ ਸਰਕਾਰ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਕੇ ’ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਹੁੰਚ ਗਏ ਜਿੱਥੇ ਸਰਪੰਚ ਬਲਵਿੰਦਰ ਸਿੰਘ ਫੌਜੀ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਨੂੰ ਵੀ ਫੋਨ ਕਰਕੇ ਮੌਕੇ ’ਤੇ ਸੱਦ ਲਿਆ ਜਿਹਨਾਂ ਸਦਕਾ ਅੱਜ ਉਹਨਾਂ ਦਾ ਪਿੰਡ ਤੇ ਨਾਲ ਲੱਗਦੇ ਨਜ਼ਦੀਕੀ ਪਿੰਡ ਨਹਿਰ ਦੇ ਪਾੜ ਪੈਣ ਕਾਰਨ ਹੋਣ ਵਾਲੇ ਨੁਕਸਾਨ ਨੂੰ ਮੌਕੇ ’ਤੇ ਇਕੱਠੇ ਹੋ ਕੇ ਟਾਲ ਲਿਆ ਗਿਆ।