ਸਰਕਾਰੀ ਹਾਈ ਸਕੂਲ ਦੱਪਰ ਦੀ ਗਰੀਨ ਸਕੂਲ ਵੱਜੋਂ ਹੋਈ ਚੋਣ
ਮਲਕੀਤ ਸਿੰਘ ਮਲਕਪੁਰ
ਲਾਲੜੂ 17 ਜਨਵਰੀ 2025: ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਦੇ ਸਕੂਲ ਮੁੱਖੀ ਸੁਮਿਤ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਨੂੰ ਗਰੀਨ ਸਕੂਲ ਵਜੋਂ ਚੁਣਿਆ ਗਿਆ ਹੈ, ਜਿਸ ਲਈ ਉਨ੍ਹਾਂ ਦੇ ਸਕੂਲ ਨੂੰ 4 ਫਰਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਕੌਮੀ ਪੱਧਰ ਦੇ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ। ਸੁਮਿਤ ਬਾਂਸਲ ਨੇ ਦੱਸਿਆ ਕਿ ਗਰੀਨ ਸਕੂਲ ਪ੍ਰੋਜੈਕਟ ਦੇ ਅਧੀਨ ਨੋਡਲ ਅਫਸਰ ਸ੍ਰੀ ਮਤੀ ਤੇਜਸਵੀ ਦੀ ਅਗਵਾਈ ਹੇਠ ਆਈ ਟੀਮ ਵੱਲੋਂ ਸਕੂਲ ਵਿੱਚ ਹਵਾ ਦੀ ਗੁਣਵੱਤਾ, ਪਾਣੀ ਦੀ ਗੁਣਵੱਤਾ, ਪਾਣੀ ਦੀ ਵਰਤੋਂ,ਊਰਜਾ ਦੀ ਖਪਤ, ਟਰਾਂਸਪੋਰਟ ਦੇ ਸਾਧਨ,ਭੋਜਨ, ਗਲਣਯੋਗ ਅਤੇ ਨਾ ਗਲਣਯੋਗ ਕੂੜੇ ਦੇ ਪ੍ਰਬੰਧਨ ਆਦਿ ਵਿਸ਼ਿਆਂ ਉੱਪਰ ਆਡਿਟ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦਾ ਸਕੂਲ ਪੂਰਾ ਉਤਰਿਆ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਐਵਾਰਡ ਅੱਜ ਉਨ੍ਹਾਂ ਦੇ ਸਕੂਲ ਨੂੰ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਦੱਪਰ ਪਿਛਲੇ ਚਾਰ ਸਾਲਾਂ ਵਿੱਚ ਲਗਾਤਾਰ ਚਾਰ ਐਵਾਰਡ ਜਿੱਤ ਚੁੱਕਿਆ ਹੈ।