← ਪਿਛੇ ਪਰਤੋ
ਲੋਕ ਆਵਾਜ਼ ਟੀਵੀ ਦੇ ਰਿਪੋਰਟਰ ਮਨਿੰਦਰਜੀਤ ਵਿਰੁੱਧ ਝੂਠਾ ਕੇਸ ਦਰਜ ਕਰਾਉਣ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ ,26 ਫਰਵਰੀ 2025: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਮ ਆਦਮੀ ਪਾਰਟੀ ਦੇ ਰਾਮਪੁਰਾ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਨਿੱਜੀ ਸਹਾਇਕ ਰੇਸ਼ਮ ਸਿੰਘ ਵੱਲੋਂ ਲੋਕ ਆਵਾਜ਼ ਟੀ ਵੀ ਦੇ ਰਿਪੋਰਟਰ ਮਨਿੰਦਰਜੀਤ ਵਿਰੁੱਧ ਝੂਠਾ ਕੇਸ ਦਰਜ ਕਰਾਉਣ ਦੀ ਕਾਰਵਾਈ ਨੂੰ ਮੀਡੀਆ ਦੀ ਜ਼ੁਬਾਨਬੰਦੀ ਕਰਾਰ ਦਿੰਦਿਆਂ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ । ਪ੍ਰੈਸ ਬਿਆਨ ਜਾਰੀ ਕਰਦਿਆਂ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇਹ ਕੇਸ ਜੈਤੋ ਹਲਕੇ ਦੇ ਆਪ ਵਿਧਾਇਕ ਦੀ ਕਥਿਤ ਮਿਲੀਭੁਗਤ ਨਾਲ ਇਸ ਕਰਕੇ ਦਰਜ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦਾ ਕਾਰਨ ਚੰਦਭਾਨ ਦੇ ਮਜ਼ਦੂਰਾਂ ਤੇ ਉੱਪਰ ਆਪ ਵਿਧਾਇਕ ਦੇ ਹਮਾਇਤੀਆਂ ਤੇ ਪੁਲਿਸ ਵੱਲੋਂ ਢਾਹੇ ਗਏ ਜਬਰ ਦੀ ਅਸਲੀਅਤ ਨੂੰ ਜੱਗ ਜ਼ਾਹਰ ਕਰਨ ਚ ਇਸ ਰਿਪੋਰਟਰ ਨੇ ਕਾਫੀ ਅਹਿਮ ਰੋਲ ਅਦਾ ਕੀਤਾ ਸੀ । ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤਾਨਾਸ਼ਾਹ ਮੋਦੀ ਹਕੂਮਤ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਆਪਣੇ ਵਿਰੋਧੀ ਵਿਚਾਰਾਂ ਦਾ ਗਲਾ ਘੁੱਟਣ 'ਤੇ ਉੱਤਰ ਆਈ ਹੈ। ਉਹਨਾਂ ਆਪ ਸਰਕਾਰ ਤੇ ਪੁਲਿਸ ਦੀ ਇਸ ਕਾਰਵਾਈ ਨੂੰ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਾਰ ਦਿੰਦਿਆਂ ਇਹ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਖੇਤ ਮਜ਼ਦੂਰ ਆਗੂਆਂ ਨੇ ਕਿਹਾ ਹੈ ਕਿ ਜੇਕਰ ਨਿਰਪੱਖ ਜਾਂਚ ਪੜਤਾਲ ਤੋਂ ਬਗੈਰ ਹੀ ਮਨਿੰਦਰਜੀਤ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ ਤਾਂ ਉਨ੍ਹਾਂ ਦੀ ਜਥੇਬੰਦੀ ਅਤੇ ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
Total Responses : 747