ਸ਼ਹਿਰ ਦੇ ਦੱਖਣੀ ਬਾਈਪਾਸ 'ਤੇ ਸਵੇਰ ਸ਼ਾਮ ਲੱਗਣ ਵਾਲਾ ਟ੍ਰੈਫ਼ਿਕ ਜਾਮ ਤੋਂ ਰਾਹਗੀਰਾਂ ਪ੍ਰੇਸ਼ਾਨ
- ਧੂਰੀ ਰੇਲਵੇ ਫਲਾਈ ਓਵਰ ਦੀ ਸੜਕ ਮੁਰੰਮਤ ਤੋਂ ਬਾਅਦ ਸੜਕ 'ਤੇ ਪਿਆ ਕੰਪਨੀ ਦਾ ਸਮਾਨ
ਲੁਧਿਆਣਾ, 22 ਜਨਵਰੀ 2025 - ਪੰਜਾਬ ਸਰਕਾਰ ਵਲੋਂ ਲੁਧਿਆਣਾ ਦੇ ਨਿਵਾਸੀਆਂ ਨੂੰ ਟ੍ਰੈਫ਼ਿਕ ਜਾਮ ਤੋਂ ਰਾਹਤ ਦੇਣ ਲਈ ਸ਼ਹਿਰ ਦੇ ਦੱਖਣ ਵਿੱਚ ਲਾਡੋਵਾਲ ਤੋਂ ਦੋਰਾਹਾ ਬਾਈਪਾਸ ਬਣਾਇਆ ਗਿਆ ਸੀ। ਚੰਡੀਗੜ੍ਹ ਅਤੇ ਅੰਬਾਲਾ ਤੋਂ ਮੋਗਾ ਫਿਰੋਜ਼ਪੁਰ ਜਾਣ ਲਈ ਵਾਹਨਾਂ ਨੂੰ ਸ਼ਹਿਰ ਅੰਦਰ ਨਾ ਜਾ ਕੇ ਬਾਹਰੋਂ ਬਾਹਰ ਅਪਨੀ ਮੰਜ਼ਿਲ ਤੱਕ ਪਹੁੰਚ ਸਕੇ। ਪਰ ਧੂਰੀ ਰੇਲਵੇ ਫਲਾਈ ਓਵਰ ਦੀ ਸੜਕ ਮੁਰੰਮਤ ਕਰਨ ਵਾਲੀ ਕੰਪਨੀ ਦੀ ਲਾਪਰਵਾਹੀ ਦੇ ਕਾਰਨ ਰਾਹਗੀਰਾਂ ਨੂੰ ਰੋਜ਼ਾਨਾ ਸਵੇਰੇ ਸ਼ਾਮ ਲੱਗਣ ਵਾਲੇ ਲੰਬੇ ਲੰਬੇ ਜਾਮ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰਸੇਵਕ ਸਿੰਘ, ਮਨੀਸ਼ ਕੁਮਾਰ, ਨਿਰਜਣ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਧੂਰੀ ਲਾਈਨ ਫਲਾਈ ਓਵਰ ਤੇ ਰੋਜ਼ਾਨਾ ਸਵੇਰੇ ਸ਼ਾਮ ਸਮੇਂ ਲੱਗਣ ਵਾਲਾ ਟ੍ਰੈਫ਼ਿਕ ਜਾਮ ਕਾਰਨ ਉਹ ਅਕਸਰ ਆਪਣੇ ਕੰਮ ਤੋਂ ਲੇਟ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਦਾ ਵੱਡਾ ਕਾਰਨ ਫਲਾਈ ਓਵਰ ਦੀ ਸੜਕ ਦੀ ਮੁਰੰਮਤ ਕਰਨ ਵਾਲੀ ਕੰਪਨੀ ਹੈ। ਜਿਸ ਨੇ ਫਲਾਈ ਓਵਰ ਦੀ ਸੜਕ ਦੀ ਮੁਰੰਮਤ ਕਰਨ ਤੋਂ ਬਾਅਦ ਸਮਾਨ ਨਹੀਂ ਚੁੱਕਿਆ ਤੇ ਸਮਾਨ ਸੜਕ ਤੇ ਛੱਡ ਦਿੱਤਾ। ਜਿਸ ਕਾਰਨ ਸੜਕ ਦੇ ਦੋਨੇ ਪਾਸਿਓਂ ਆਉਣ ਵਾਲੀ ਟ੍ਰੈਫ਼ਿਕ ਨਾਲ ਅਕਸਰ ਜਾਮ ਲੱਗ ਜਾਦਾ ਹੈ। ਰਾਹਗੀਰਾਂ ਨੂੰ ਲੰਬੇ ਲੰਬੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪੀ. ਡਬਲਯੂ. ਡੀ ਵਿਭਾਗ ਅਤੇ ਸ਼ਹਿਰ ਦੇ ਟ੍ਰੈਫ਼ਿਕ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਸੜਕ ਤੇ ਸਮਾਨ ਛੱਡ ਕੇ ਜਾਣ ਵਾਲੀ ਕੰਪਨੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਸੜਕ ਤੇ ਪਏ ਸਮਾਨ ਨੂੰ ਉਥੋਂ ਹਟਾਉਣ ਦੀ ਮੰਗ ਕੀਤੀ ਤਾਂ ਜੋ ਟ੍ਰੈਫ਼ਿਕ ਜਾਮ ਨਾ ਲੱਗ ਸਕੇ ਅਤੇ ਰਾਹਗੀਰਾਂ ਨੂੰ ਟ੍ਰੈਫ਼ਿਕ ਜਾਮ ਤੋਂ ਨਿਜਾਤ ਮਿਲ ਸਕੇ।