ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਗੈਰੀ ਕਤਲ ਕਾਂਡ ਦੇ 2 ਸ਼ੂਟਰ ਗ੍ਰਿਫਤਾਰ!
ਰਵੀ ਜੱਖੂ
ਮੋਹਾਲੀ 4 ਫਰਵਰੀ 2026- ਮੋਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਹੋਏ ਦਿਨ-ਦਿਹਾੜੇ ਗੁਰਵਿੰਦਰ ਸਿੰਘ ਉਰਫ ਗੈਰੀ ਦੇ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਬਲਤੇਜ ਸਿੰਘ ਉਰਫ ਬੰਟੀ ਨਿਵਾਸੀ ਜ਼ਿਲ੍ਹਾ ਫਰੀਦਕੋਟ, ਮੰਗਤ ਸਿੰਘ ਉਰਫ ਮੈਕਸ ਨਿਵਾਸੀ ਜਲਾਲਾਬਾਦ ਵਜੋਂ ਹੋਈ ਹੈ।
ਐਸ.ਐਸ.ਪੀ. ਮੋਹਾਲੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਕੋਲੋਂ ਕਤਲ ਦੀ ਵਾਰਦਾਤ ਵਿੱਚ ਵਰਤੀ ਗਈ ਪਲਸਰ ਬਾਈਕ ਅਤੇ ਇੱਕ ਹੌਂਡਾ ਕਾਰ ਵੀ ਬਰਾਮਦ ਕਰ ਲਈ ਹੈ।
ਐਸਐਸਪੀ ਨੇ ਦੱਸਿਆ ਕਿ ਇਸ ਕਤਲ ਦੇ ਤਾਰ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਪੁਲਿਸ ਨੇ ਇਸ ਕੇਸ ਵਿੱਚ ਕਈ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਹੈ।
ਜਿਨ੍ਹਾਂ ਵਿੱਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਵਿੱਕੀ ਸਿੰਘ ਉਰਫ ਵਿੱਕੀ ਸੱਟੇ ਵਾਲਾ, ਰਵੀ ਕੁਮਾਰ ਉਰਫ ਰਵੀ ਫਰੀਦਕੋਟੀਆ ਸ਼ਾਮਲ ਹਨ। ਐਸ.ਐਸ.ਪੀ. ਮੋਹਾਲੀ ਨੇ ਦੱਸਿਆ ਕਿ "ਅਸੀਂ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਵਾਰਦਾਤ ਵਿੱਚ ਵਰਤੇ ਗਏ ਵਾਹਨ ਵੀ ਸਾਡੇ ਕਬਜ਼ੇ ਵਿੱਚ ਹਨ।"