ਮਾਲਵੇ ਦੀਆਂ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਮੀਟਿੰਗ ਦੌਰਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ, 17ਜਨਵਰੀ 2025 :ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਦੀ ਮੀਟਿੰਗ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਦੀਆਂ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਮੀਟਿੰਗ ਦੇ ਸ਼ੁਰੂ ਵਿੱਚ ਯੂਨੀਅਨ ਦਾ ਨਵੇਂ ਸਾਲ ਦਾ ਕੈਲੰਡਰ ਅਤੇ ਡਾਇਰੀ ਰਲੀਜ਼ ਕੀਤੀ ਗਈ । ਇਸ ਮੌਕੇ ਆਗੂਆਂ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਤੇ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਤੇ ਪੰਜਾਬ ਸਰਕਾਰ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ।
ਉਹਨਾਂ ਕਿਹਾ ਕਿ ਵਾਅਦਾ ਤਾਂ ਇਹ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਬਣੀ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ । ਪਰ ਮਾਣ ਭੱਤਾ ਦੁੱਗਣਾ ਤਾਂ ਕੀ ਕਰਨਾ ਸੀ ਉਲਟਾ ਪਹਿਲਾਂ ਮਿਲਦਾ ਮਾਣ ਭੱਤਾ ਵੀ ਸਮੇਂ ਸਿਰ ਨਹੀਂ ਮਿਲਿਆ ਤੇ ਮਾਣ ਭੱਤਾ ਲੈਣ ਲਈ ਵੀ ਜਥੇਬੰਦੀ ਨੂੰ ਧਰਨੇ ਮੁਜ਼ਾਹਰੇ ਕਰਨੇ ਪਏ ਅਤੇ ਹੱਕ ਮੰਗਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਲਿਸ ਗਿਰਫ਼ਤਾਰ ਕਰਕੇ ਪੁਲਿਸ ਥਾਣਿਆਂ ਵਿੱਚ ਲਿਜਾਂਦੀ ਰਹੀ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਨੂੰ ਮਾੜਾ ਰਾਸ਼ਨ ਖਾਣ ਲਈ ਦਿੱਤਾ ਗਿਆ ਤੇ ਦਿੱਲੀ ਤੱਕ ਇਸ ਮਸਲੇ ਦਾ ਰੌਲਾ ਪਿਆ । ਪਰ ਅਜੇ ਤੱਕ ਪੰਜਾਬ ਸਰਕਾਰ ਨੇ ਸਰਕਾਰੀ ਅਦਾਰੇ ਵੇਰਕਾ ਤੋਂ ਰਾਸ਼ਨ ਲੈਣਾ ਸ਼ੁਰੂ ਨਹੀਂ ਕੀਤਾ ਤੇ ਪ੍ਰਾਈਵੇਟ ਕੰਪਨੀਆਂ ਤੋਂ ਘਟੀਆ ਕੁਆਲਿਟੀ ਦਾ ਰਾਸ਼ਨ ਖਰੀਦਿਆ ਜਾ ਰਿਹਾ ਹੈ ਜੋ ਲਾਭਪਾਤਰੀਆਂ ਦੀ ਸਿਹਤ ਨਾਲ ਖਿਲਵਾੜ ਹੈ ।
ਉਹਨਾਂ ਕਿਹਾ ਕਿ 2 ਅਕਤੂਬਰ 1975 ਨੂੰ ਦੇਸ਼ ਭਰ ਵਿੱਚ ਆਂਗਣਵਾੜੀ ਸੈਂਟਰਾਂ ਨੂੰ ਖੋਲਿਆ ਗਿਆ ਸੀ ਤੇ 50 ਸਾਲ ਹੋਣ ਵਾਲੇ ਹਨ ਪਰ ਐਨੇ ਲੰਮੇ ਸਮੇਂ ਵਿੱਚ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ । ਜਦੋਂ ਕਿ ਬਾਕੀ ਵਿਭਾਗਾਂ ਦੇ ਬਾਕੀ ਸਾਰੇ ਮੁਲਾਜ਼ਮ ਪੱਕੇ ਹਨ । ਉਹਨਾਂ ਕਿਹਾ ਕਿ ਪਿਛਲੇਂ 6 ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਨਿੱਕੇ ਪੈਸੇ ਦਾ ਵਾਧਾ ਨਹੀਂ ਕੀਤਾ । ਕੇਂਦਰ ਸਰਕਾਰ ਵਰਕਰ ਨੂੰ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦੇ ਰਹੀ ਹੈ । ਉਹਨਾਂ ਕਿਹਾ ਕਿ ਦੇਸ਼ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਸਰਕਾਰ ਸ਼ੋਸ਼ਣ ਕਰ ਰਹੀ ਹੈ । ਕੇਂਦਰ ਸਰਕਾਰ ਵੱਲੋਂ ਅਜੇ ਤੱਕ ਸਾਰੇ ਆਂਗਣਵਾੜੀ ਸੈਂਟਰਾਂ ਦੀਆਂ ਸਰਕਾਰੀ ਇਮਾਰਤਾਂ ਨਹੀਂ ਬਣਾਈਆਂ ਗਈਆਂ ਅਤੇ ਅੱਧਿਓਂ ਵੱਧ ਆਂਗਣਵਾੜੀ ਸੈਂਟਰ ਸਹੂਲਤਾਂ ਤੋਂ ਸੱਖਣੇ ਪਏ ਹਨ ।
ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜ਼ਮ ਐਲਾਨੇ ਅਤੇ ਹੈਲਪਰਾਂ ਨੂੰ ਗਰੇਡ ਦਿੱਤੇ ਜਾਣ । ਮੀਟਿੰਗ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਨਾ ਤਾਂ ਬੱਚੇ ਹਨ ਤੇ ਨਾ ਹੀ ਰਾਸ਼ਨ ਬਣ ਰਿਹਾ ਹੈ । ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਵੀ ਆਸ਼ਾ ਵਰਕਰਾਂ ਰਾਹੀਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ । ਜਿਸ ਕਰਕੇ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਬਣਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਅਤੇ ਮਾਣ ਭੱਤਾ ਹਰ ਮਹੀਨੇ ਸਮੇਂ ਸਿਰ ਦਿੱਤਾ ਜਾਵੇ । ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨਦੀ ਨਹੀਂ ਉਦੋਂ ਤੱਕ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ ।
ਇਸ ਸਮੇਂ ਸ਼ਿੰਦਰਪਾਲ ਕੌਰ ਥਾਂਦੇਵਾਲਾ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਮਹਿੰਦਰ ਪਾਲ ਕੌਰ ਪੱਤੋਂ , ਦਲਜੀਤ ਕੌਰ ਬਰਨਾਲਾ , ਰੇਸ਼ਮਾ ਰਾਣੀ ਫਾਜ਼ਿਲਕਾ , ਸ਼ੀਲਾ ਦੇਵੀ ਤੱਲੇਵਾਲਾ , ਗੁਰਮੀਤ ਕੌਰ ਦਬੜੀਖਾਨਾ , ਲੀਲਾ ਵੰਤੀ ਬਠਿੰਡਾ , ਪਰਮਜੀਤ ਕੌਰ ਰੁਲਦੂ ਵਾਲਾ , ਬਲਵੀਰ ਕੌਰ ਲਹਿਰੀ , ਕਿਰਪਾਲ ਕੌਰ ਵਾਲਿਆਂ ਵਾਲੀ , ਮਨਮੀਤ ਕੌਰ ਨਥਾਣਾ , ਅੰਮ੍ਰਿਤਪਾਲ ਕੌਰ ਬੱਲੂਆਣਾ , ਕਮਲੇਸ਼ ਲੋਪੋ , ਸਰਬਜੀਤ ਕੌਰ ਰਾਜੇਆਣਾ , ਸ਼ਰਨਜੀਤ ਕੌਰ ਅਰਾਈਆਂਵਾਲਾ , ਜਸਵਿੰਦਰ ਕੌਰ ਹਰੀ ਨੌ , ਸਰਬਜੀਤ ਕੌਰ ਫਰੀਦਕੋਟ , ਹਰਵਿੰਦਰ ਕੌਰ ਜੈਤੋ , ਗਿਆਨ ਕੌਰ ਦੂਹੇਵਾਲਾ , ਸੁਖਵਿੰਦਰ ਕੌਰ ਔਲਖ , ਸ਼ੀਲਾ ਫਾਜ਼ਿਲਕਾ , ਇੰਦਰਜੀਤ ਕੌਰ ਖੂਈਆਂ ਸਰਵਰ , ਸੁਖਦੀਪ ਕੌਰ ਅਬੋਹਰ , ਕੁਲਜੀਤ ਕੌਰ ਗੁਰੂ ਹਰਸਹਾਏ , ਪ੍ਰਕਾਸ਼ ਕੌਰ ਮਮਦੋਟ , ਰਾਜ ਕੌਰ ਘਂਲ ਖੁਰਦ , ਮਨਜੀਤ ਕੌਰ ਇਲਮੇਵਾਲਾ , ਬਲਵਿੰਦਰ ਕੌਰ ਮਾਨਸਾ , ਸੁਰਿੰਦਰ ਕੌਰ ਝੁਨੀਰ , ਅੰਮ੍ਰਿਤਪਾਲ ਕੌਰ ਧਨੋਲਾ , ਹਰਪਾਲ ਕੌਰ ਫਰਵਾਹੀ , ਭੋਲੀ ਮਹਿਲ ਕਲਾਂ ਆਦਿ ਆਗੂ ਮੌਜੂਦ ਸਨ ।