ਭਾਰਤੀ ਹਵਾਈ ਫ਼ੌਜ ਵੱਲੋਂ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਨੋਟੀਫ਼ਿਕੇਸ਼ਨ ਜਾਰੀ
27 ਜਨਵਰੀ 2025 ਤੱਕ ਆਨ-ਲਾਈਨ ਕੀਤਾ ਜਾ ਸਕਦਾ ਹੈ ਅਪਲਾਈ - ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਰੋਹਿਤ ਗੁਪਤਾ
ਗੁਰਦਾਸਪੁਰ, 17 ਜਨਵਰੀ ਭਾਰਤੀ ਹਵਾਈ ਫ਼ੌਜ ਵੱਲੋਂ ਅਗਨੀਵੀਰ ਵਾਯੂ ਦੀ ਭਰਤੀ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਜੋ ਵੈੱਬਸਾਈਟ (https://agnipathvayu.cdac.in) ਪੋਰਟਲ 'ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਅਗਨੀਵੀਰ ਵਾਯੂ ਦੀ ਆਸਾਮੀ ਲਈ ਦੋਨੋਂ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਗੁਰਦਾਸਪੁਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਦੀ ਯੋਗਤਾ ਬਾਰ੍ਹਵੀਂ (ਮੈਥ, ਫਿਜ਼ਿਕਸ, ਅਤੇ ਅੰਗਰੇਜ਼ੀ) ਵਿਸ਼ਿਆਂ ਨਾਲ ਘੱਟੋ ਘੱਟ 50 ਫ਼ੀਸਦੀ ਅੰਕ ਜਾਂ ਫਿਰ ਪ੍ਰਾਰਥੀ ਵੱਲੋਂ 03 ਸਾਲ ਦਾ ਡਿਪਲੋਮਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੋਬਾਇਲ, ਕੰਪਿਊਟਰ ਸਾਇੰਸ, ਇੰਸਟਰੁਮੈਂਟੇਸ਼ਨ ਟੈਕਨੌਲੋਜੀ, ਇਨਫਰਮੇਸ਼ਨ ਟੈਕਨੌਲੋਜੀ) ਅਤੇ 50 ਫ਼ੀਸਦੀ ਅੰਕ ਅੰਗਰੇਜ਼ੀ ਵਿਸ਼ੇ ਵਿੱਚ ਹੋਣੇ ਲਾਜ਼ਮੀ ਹਨ, ਉਹ ਸਾਰੇ ਲੜਕੇ ਅਤੇ ਲੜਕੀਆਂ ਅਗਨੀਵੀਰ ਵਾਯੂ ਦੀ ਆਸਾਮੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਗਨੀਵੀਰ ਵਾਯੂ ਦੀ ਆਸਾਮੀ ਵਾਸਤੇ ਅਪਲਾਈ ਕਰਨ ਲਈ ਉਮਰ ਹੱਦ 01 ਜਨਵਰੀ 2005 ਤੋਂ 01 ਜੁਲਾਈ 2008 ਵਿਚਕਾਰ ਹੋਣੀ ਚਾਹੀਦੀ ਹੈ। ਅਗਨੀਵੀਰ ਵਾਯੂ ਦੀ ਆਸਾਮੀ ਲਈ ਅਪਲਾਈ ਕਰਨ ਦੇ ਲਈ ਲੜਕੇ ਅਤੇ ਲੜਕੀਆਂ ਦੀ ਲੰਬਾਈ ਘੱਟੋ-ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ, ਗੁਰਦਾਸਪੁਰ ਸ੍ਰੀ ਪਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਪ੍ਰਾਰਥੀ ਮਿਤੀ 07 ਜਨਵਰੀ 2025 ਤੋਂ ਇੰਡੀਅਨ ਏਅਰਫੋਰਸ ਦੀ ਵੈੱਬਸਾਈਟ(https://agnipathvayu.cdac.in) 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਤੇ ਆਸਾਮੀ ਦੀ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 27 ਜਨਵਰੀ 2025 ਹੈ। ਉਨ੍ਹਾਂ ਦੱਸਿਆ ਕਿ ਅਗਨੀਵੀਰ ਵਾਯੂ ਆਸਾਮੀ ਦੀ ਭਰਤੀ ਦਾ ਪੇਪਰ ਮਿਤੀ 22 ਮਾਰਚ 2025 ਤੋਂ ਸ਼ੁਰੂ ਹੋਵੇਗਾ। ਪ੍ਰਾਰਥੀ ਵੱਲੋਂ ਵੈੱਬਸਾਈਟ 'ਤੇ ਸਫਲਤਾਪੂਰਵਕ ਅਪਲਾਈ ਕਰਨ ਤੋਂ ਬਾਅਦ ਆਨਲਾਈਨ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ । ਐਡਮਿਟ ਕਾਰਡ ਵਿੱਚ ਪੇਪਰ ਦੀ ਤਾਰੀਖ਼, ਸਮਾਂ ਅਤੇ ਸਥਾਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇੰਡੀਅਨ ਏਅਰਫੋਰਸ ਦੀ ਵੈੱਬਸਾਈਟ (https://agnipathvayu.cdac.in) 'ਤੇ ਨੋਟੀਫ਼ਿਕੇਸ਼ਨ ਚੈੱਕ ਕਰ ਸਕਦੇ ਹਨ।