ਬਰਨਾਲਾ: ਹਾਈ ਕੋਰਟ ਦੇ ਹੁਕਮਾਂ ਦੀਆਂ ਉਡੀਆਂ ਧੱਜੀਆਂ; 25 ਏਕੜ ਜ਼ਮੀਨ 'ਤੇ ਲੱਗੇ ਸੈਂਕੜੇ ਪੁਰਾਣੇ ਰੁੱਖਾਂ ਦਾ ਕੀਤਾ ਉਜਾੜਾ
ਨਗਰ ਸੁਧਾਰ ਟਰੱਸਟ ਦੀ ਕਾਰਵਾਈ ਵਿਰੁੱਧ ਵਾਤਾਵਰਣ ਪ੍ਰੇਮੀਆਂ 'ਚ ਭਾਰੀ ਰੋਸ; ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ
ਕਮਲਜੀਤ ਸਿੰਘ ਸੰਧੂ
ਬਰਨਾਲਾ, 4 ਫਰਵਰੀ 2026- ਬਰਨਾਲਾ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਸੁਧਾਰ ਟਰੱਸਟ ਦੀ 25 ਏਕੜ ਜ਼ਮੀਨ 'ਤੇ ਲੱਗੇ ਲਗਭਗ 125 ਪੁਰਾਣੇ ਰੁੱਖਾਂ ਨੂੰ ਬੁਲਡੋਜ਼ਰ ਚਲਾ ਕੇ ਤਬਾਹ ਕਰ ਦਿੱਤਾ ਗਿਆ।
ਸਥਾਨਕ ਲੋਕਾਂ ਅਤੇ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਹ ਰੁੱਖ 40-50 ਸਾਲ ਪੁਰਾਣੇ ਸਨ। ਜ਼ਿਕਰਯੋਗ ਹੈ ਕਿ ਹਾਈ ਕੋਰਟ ਦੀ ਰਿੱਟ ਪਟੀਸ਼ਨ 395/25 ਦੇ ਤਹਿਤ ਪੰਜਾਬ ਵਿੱਚ ਰੁੱਖ ਕੱਟਣ ਲਈ ਅਦਾਲਤ ਦੀ ਇਜਾਜ਼ਤ ਲਾਜ਼ਮੀ ਹੈ, ਪਰ ਇੱਥੇ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਗਿਆ।
ਪਿਛਲੇ ਦਿਨੀਂ ਨਗਰ ਸੁਧਾਰ ਟਰੱਸਟ ਵੱਲੋਂ ਇਸੇ 25 ਏਕੜ ਜ਼ਮੀਨ 'ਤੇ ਪਿਛਲੇ 30-35 ਸਾਲਾਂ ਤੋਂ ਰਹਿ ਰਹੇ 60 ਗਰੀਬ ਪਰਿਵਾਰਾਂ ਦੀਆਂ ਝੁੱਗੀਆਂ-ਝੌਂਪੜੀਆਂ ਨੂੰ ਉਜਾੜ ਦਿੱਤਾ ਗਿਆ ਸੀ। ਅੱਜ ਉਸੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਉੱਥੇ ਲੱਗੇ ਦਹਾਕਿਆਂ ਪੁਰਾਣੇ ਰੁੱਖਾਂ ਨੂੰ ਵੀ ਵੱਢ ਦਿੱਤਾ ਗਿਆ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ 'ਰੁੱਖ ਲਗਾਓ ਮੁਹਿੰਮ' ਚਲਾ ਰਹੀ ਹੈ, ਪਰ ਦੂਜੇ ਪਾਸੇ ਵਿਕਾਸ ਦੇ ਨਾਮ 'ਤੇ ਹਰੇ-ਭਰੇ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਰੁੱਖ ਕੱਟਣ 'ਤੇ ਹਾਈ ਕੋਰਟ ਦੀ ਸਟੇਅ ਹੋਣ ਦੇ ਬਾਵਜੂਦ ਜੋ ਵੀ ਇਸ ਕਾਰਵਾਈ ਵਿੱਚ ਸ਼ਾਮਲ ਹੈ, ਉਸ ਵਿਰੁੱਧ ਵਿਭਾਗ ਵੱਲੋਂ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।