ਚੱਲ ਰਹੇ ਪ੍ਰੋਜੈਕਟ ਦਾ ਜਾਇਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹੋਰ
ਪਿਛਲੇ 15-25 ਸਾਲਾਂ ਤੋਂ ਜੋ ਨਹੀਂ ਹੋਇਆ, ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਰੇਗੀ
1062 ਛੱਪੜਾਂ 'ਚੋਂ ਪਹਿਲਾਂ ਹੀ ਗੰਦੇ ਪਾਣੀ ਦਾ ਨਿਕਾਸ ਅਤੇ ਕਰੀਬ 400 ਛੱਪੜਾਂ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ
ਪੰਜਾਬ ਦੇ ਛੱਪੜ ਹੁਣ ਪਲਾਸਟਿਕ ਦਾ ਘਰ ਅਤੇ ਮੱਛਰਾਂ ਦੇ ਪ੍ਰਜਨਨ ਦੇ ਸਥਾਨ ਨਹੀਂ ਹੋਣਗੇ
ਸੀਨੀਅਰ ਅਧਿਕਾਰੀਆਂ ਨੂੰ ਫੀਲਡ ਦੌਰੇ ਕਰਨ ਅਤੇ ਛੱਪੜਾਂ ਦੀ ਸਫ਼ਾਈ ਦਾ ਜਾਇਜ਼ਾ ਤਰਜੀਹੀ ਤੌਰ ਉੱਤੇ ਲੈਣ ਦੇ ਨਿਰਦੇਸ਼
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ, ਖਰੇ, ਡੇਰਾ ਮੀਰ ਮੀਰਾਂ, ਰੈਲੀ, ਈਸਰਹੇਲ ਤੇ ਚੁੰਨੀ ਕਲਾਂ ਵਿਖੇ ਛੱਪੜਾਂ ਦੀ ਸਫਾਈ ਦੇ ਪ੍ਰੋਜੈਕਟਾਂ ਦਾ ਨਿਰੀਖਣ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਗਲੇ ਕੁਝ ਹਫ਼ਤਿਆਂ ਵਿੱਚ ਸੂਬੇ ਦੇ ਸਾਰੇ ਪਿੰਡਾਂ ਦੇ ਕਰੀਬ 15000 ਛੱਪੜਾਂ ਦੀ ਸਫ਼ਾਈ ਕਰਨ ਲਈ ਤਿਆਰ ਹੈ, ਇਸ ਸਬੰਧੀ ਕਾਰਜ ਪੰਜਾਬ ਦੇ ਕਈ ਪਿੰਡਾਂ ਵਿੱਚ ਸ਼ੁਰੂ ਵੀ ਹੋ ਚੁੱਕੇ ਹਨ , ਇਹ ਜਾਣਕਾਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਰਹਿੰਦ ਬਲਾਕ ਦੇ ਪਿੰਡ ਚਨਾਰਥਲ ਕਲਾਂ, ਖਰੇ ਤੇ ਡੇਰਾ ਮੀਰ ਮੀਰਾਂ, ਬਸੀ ਪਠਾਣਾਂ ਬਲਾਕ ਦੇ ਪਿੰਡ ਰੈਲੀ ਅਤੇ ਖੇੜਾ ਬਲਾਕ ਦੇ ਪਿੰਡ ਈਸਰਹੇਲ ਤੇ ਚੁੰਨੀ ਕਲਾਂ ਵਿਖੇ ਛੱਪੜਾਂ ਦੀ ਸਫਾਈ ਦੇ ਪ੍ਰੋਜੈਕਟਾਂ ਦਾ ਨਿਰੀਖਣ ਕਰਨ ਮੌਕੇ ਸਾਂਝੀ ਕੀਤੀ
ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਛੱਪੜਾਂ ਦੀ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਹੈ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਸੀ ਅਤੇ ਪਿਛਲੇ 15-25 ਸਾਲਾਂ ਤੋਂ ਇਨ੍ਹਾਂ ਦੀ ਨਾ ਤਾਂ ਕੋਈ ਸਾਰ ਲਈ ਗਈ ਸੀ ਅਤੇ ਨਾ ਹੀ ਕੋਈ ਸਾਂਭ-ਸੰਭਾਲ ਕੀਤੀ ਗਈ ਸੀ। ਬਹੁਤੇ ਛੱਪੜਾਂ ਦੀ ਦਹਾਕਿਆਂ ਤੋਂ ਸਫ਼ਾਈ ਨਹੀਂ ਕੀਤੀ ਗਈ। ਅਜਿਹੇ ਛੱਪੜ ਓਵਰਫਲੋਅ ਹੋ ਜਾਂਦੇ ਹਨ ਤੇ ਪਿੰਡਾਂ ਵਿੱਚ ਗੰਦੇ ਪਾਣੀ ਦੀ ਬਦਬੂ ਆਉਂਦੀ ਹੈ ਅਤੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਨ੍ਹਾਂ ਹਾਲਾਤਾਂ ਨੂੰ ਬਦਲਣ ਜਾ ਰਹੀ ਹੈ
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬੇ ਦੇ ਬਹੁਤੇ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਕਰਨ ਅਤੇ ਗੰਦਾ ਪਾਣੀ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਲਦੀ ਹੀ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। 1062 ਛੱਪੜਾਂ ਵਿੱਚੋਂ ਪਹਿਲਾਂ ਹੀ ਗੰਦੇ ਪਾਣੀ ਦਾ ਨਿਕਾਸ ਕੀਤਾ ਜਾ ਚੁੱਕਾ ਹੈ ਅਤੇ ਕਰੀਬ 400 ਛੱਪੜਾਂ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ। ਲੋੜ ਮੁਤਾਬਕ ਛੱਪੜਾਂ ਦੀ ਡੀਸਿਲਟਿੰਗ ਤੇ ਰੀਸਿਲਟਿੰਗ, ਦੋਵੇਂ ਕੰਮ ਕੀਤੇ ਜਾ ਰਹੇ ਹਨ
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ 4573 ਕਰੋੜ ਰੁਪਏ ਦੇ ਪੈਕੇਜ (ਬਜਟ) ਨੂੰ ਪਿੰਡਾਂ ਦੇ ਵਿਕਾਸ ਲਈ ਮਨਜ਼ੂਰੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰਨਾ ਹੈ, ਜਿਸ ਤਹਿਤ ਪਿੰਡਾਂ ਦੇ ਛੱਪੜਾਂ ਦੀ ਮੁਰੰਮਤ, ਰੱਖ-ਰਖਾਅ ਅਤੇ ਸਾਂਭ-ਸੰਭਾਲ ਅਤੇ ਖੇਡ ਮੈਦਾਨਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ , ਥਾਪਰ/ਸੀਚੇਵਾਲ ਮਾਡਲ ਰਾਹੀਂ ਪਿੰਡਾਂ ਵਿੱਚ ਸੀਵਰੇਜ ਟ੍ਰੀਟਮੈਂਟ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ , ਉਨ੍ਹਾਂ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਨੂੰ ਫੀਲਡ ਦੌਰੇ ਕਰਨ ਅਤੇ ਛੱਪੜਾਂ ਦੀ ਸਫ਼ਾਈ ਦਾ ਜਾਇਜ਼ਾ ਤਰਜੀਹੀ ਤੌਰ ਉੱਤੇ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਮਕਸਦ ਦੀ ਪੂਰਤੀ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਣਗਿਹਲੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਿੰਡਾਂ ਦਾ ਵਿਕਾਸ ਸਰਕਾਰ ਦਾ ਤਰਜੀਹੀ ਖੇਤਰ ਹੈ
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਦੇ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ , ਜੇਕਰ ਪਾਣੀ ਦੇ ਸੈਂਪਲ ਤੈਅ ਮਾਪਦੰਡਾਂ ਅਨੁਸਾਰ ਆਉਂਦੇ ਹਨ ਤਾਂ ਪਾਣੀ ਸਿੰਚਾਈ ਲਈ ਖੇਤਾਂ ਨੂੰ ਦਿੱਤਾ ਜਾਵੇਗਾ, ਨਹੀਂ ਤਾਂ ਪਾਣੀ ਸਾਫ ਕਰਨ ਦਾ ਪ੍ਰੋਜੈਕਟ ਲਾ ਕੇ ਪਾਣੀ ਸਾਫ ਕਰਨ ਉਪਰੰਤ ਸਿੰਚਾਈ ਲਈ ਵਰਤਿਆ ਜਾਵੇਗਾ ,ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਪੰਜਾਬ ਨੂੰ ''ਰੰਗਲਾ ਪੰਜਾਬ'' ਬਣਾਉਣ ਦਾ ਮਿਸ਼ਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਹ ਖੁਦ ਨਿੱਜੀ ਤੌਰ 'ਤੇ ਪੰਜਾਬ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਦੀ ਨਿਗਰਾਨੀ ਕਰ ਰਹੇ ਹਨ ,ਸੌਂਦ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ, ਪੰਜਾਬ ਸਰਕਾਰ ਜਿੱਥੇ ਵੀ ਲੋੜ ਪਵੇਗੀ, ਛੱਪੜਾਂ ਨੂੰ ਗਾਰ ਮੁਕਤ ਕਰੇਗੀ ਅਤੇ ਗੰਦਾ ਪਾਣੀ ਬਾਹਰ ਕੱਢੇਗੀ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ ਅਤੇ ਪੰਜਾਬ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ
ਪਿੰਡਾਂ ਦੇ ਦੌਰੇ ਮੌਕੇ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ,ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ , ਪਿੰਡ ਚਰਣਾਰਥਲ ਕਲਾਂ ਦੇ ਸਰਪੰਚ ਰਾਜਦੀਪ ਸਿੰਘ ਰਾਜੂ, ਪਿੰਡ ਖਰੇ ਦੇ ਸਰਪੰਚ ਸਤਪਾਲ ਸਿੰਘ, ਰਾਜ ਦਵਿੰਦਰ ਲਾਡੀ, ਕੁਲਵਿੰਦਰ ਸਿੰਘ ਡੇਰਾ, ਬਲਵੀਰ ਸੋਢੀ, ਰਵੀ ਚੀਮਾ, ਪਰਵਿੰਦਰ ਖੋਜੇਮਾਜਰਾ, ਗੁਰਵੀਰ ਜੱਲਾ, ਗੁਰਜੀਤ ਸਿੰਘ ਸਰਪੰਚ ਰੈਲੀ ਅਤੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ,ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤੇ ਜ਼ਿਲ੍ਹੇ ਦੇ ਵਿਧਾਇਕਾਂ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਵੀ ਟੇਕਿਆ