ਪੰਜਾਬ ਰੈੱਡ ਕਰਾਸ ਵਲੋਂ ਫਸਟ-ਏਡ ਟ੍ਰੇਨਿੰਗ ਸੇਵਾਵਾਂ ਦੇਣ ਦੀ ਪੇਸ਼ਕਸ਼
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 26 ਫਰਵਰੀ,2025
ਸਥਾਨਕ ਰੋਟਰੀ ਭਵਨ ਦੇ ਨਜ਼ਦੀਕ “ਰੋਡ ਸੇਫਟੀ ਅਵੇਅਰਨੈਸ ਸੋਸਾਇਟੀ” ਦੁਆਰਾ ਸਥਾਪਿਤ “ਸੜਕ ਸੁਰੱਖਿਆ ਟ੍ਰੇਨਿੰਗ ਪਾਰਕ” ਨੂੰ ਰਾਜ-ਪੱਧਰੀ “ਫਸਟ-ਏਡ ਮਾਸਟਰ ਟ੍ਰੇਨਰ” ਅਮਰਿੰਦਰ ਸਿੰਘ ਵਲੋਂ ਸੱਦਭਾਵਨਾ ਨਿਰੀਖਣ ਕੀਤਾ ਗਿਆ । ਉਹਨਾਂ ਸੋਸਾਇਟੀ ਦੇ ਕੰਮਕਾਰ ਵਾਰੇ ਜਾਣਕਾਰੀ ਹਿੱਤ ਮੀਟਿੰਗ ਵਿੱਚ ਵੀ ਸ਼ਮੂਲੀਅਤ ਕੀਤੀ। ਉਹਨਾਂ ਦੇ ਨਾਲ੍ਹ ਮੈਡਮ ਜਸਵਿੰਦਰ ਕੌਰ ਕੌਂਸਲਰ ਕਮ ਫਸਟ ਏਡ ਟ੍ਰੇਨਿੰਗ ਲੈਕਚਰਾਰ ਤੇ ਚਮਨ ਸਿੰਘ ਡਾਇਰੈਕਟਰ “ਰੈਡ-ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ” ਵੀ ਸ਼ਾਮਲ ਸਨ। “ਰੋਡ ਸੇਫਟੀ ਅਵੇਅਰਨੈਸ ਸੋਸਾਇਟੀ” ਵਲੋਂ ਜੀ.ਐਸ.ਤੂਰ, ਹਰਪ੍ਰਭਮਹਿਲ ਸਿੰਘ, ਜੇ.ਐਸ.ਗਿੱਦਾ, ਨਰਿੰਦਰਪਾਲ ਤੂਰ, ਸੁਮੀਤ ਗਿੱਲ ਤੇ ਨਰਿੰਦਰ ਬਿੱਟਾ ਹਾਜਰ ਸਨ। ਇਸ ਮੌਕੇ ਮਹਿਮਾਨ ਸ਼ਖ਼ਸੀਅਤਾਂ ਨੂੰ ਜਿਲ੍ਹੇ ਦੇ ਵਿਦਿਅਕ ਅਦਾਰਿਆਂ ਵਿੱਚ “ਰੋਡ ਸੇਫਟੀ ਕਲੱਬਾਂ” ਦੀ ਸਥਾਪਨਾ ਤੇ ਪਿੰਡ ਬਰਨਾਲਾ ਕਲਾਂ ਨੂੰ ਸੜਕ ਸੁਰੱਖਿਆ ਲਈ “ਰੋਲ-ਮਾਡਲ” ਦੇ ਤੌਰ ਤੇ ਵਿਕਸਤ ਕਰਨ ਸਬੰਧੀ ਕੀਤੀਆਂ ਜਾ ਰਹੀਆਂ ਸਰਗਰਮੀਆਂ ਵਾਰੇ ਜਾਣੂ ਕਰਵਾਇਆ ਗਿਆ। ਉਹਨਾਂ ਜਿਲ੍ਹੇ ਦੀ “ਰੋਡ ਸੇਫਟੀ ਅਵੇਅਰਨੈਸ ਸੋਸਾਇਟੀ” ਦੇ ਉਦੇਸ਼ਾਂ ਤੇ ਸਰਗਰਮੀਆਂ ਦੀ ਪ੍ਰਸੰਸਾ ਕੀਤੀ।
ਮੀਟਿੰਗ ਵਿੱਚ ਇਹ ਵਿਚਾਰ ਉੱਭਰ ਕੇ ਸਾਹਮਣੇ ਆਇਆ ਕਿ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਬਚਾਉਣ ਲਈ ਫਸਟ-ਏਡ ਟ੍ਰੇਨਿੰਗ ਦੀ ਕਮੀ ਨੂੰ ਦੂਰ ਕਰਨ ਦੀ ਲੋੜ ਹੈ। ਰਾਜ-ਪੱਧਰੀ ਮਾਸਟਰ ਟਰੇਨਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਰੈੱਡ-ਕਰਾਸ ਵਲੋਂ ਕਰਵਾਈ ਜਾਂਦੀ ਫਸਟ-ਏਡ ਟ੍ਰੇਨਿੰਗ ਨਿਰਧਾਰਤ ਫੀਸ ਜਮ੍ਹਾਂ ਕਰਵਾਕੇ ਹਾਸਲ ਕੀਤੀ ਜਾ ਸਕਦੀ ਹੈ ਉਪ੍ਰੰਤ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ ਉਹਨਾਂ ਆਖਿਆ ਕਿ ਜਿਲ੍ਹੇ ਵਿੱਚ ਫਸਟ-ਏਡ ਟ੍ਰੇਨਿੰਗ ਕਰਵਾਉਣ ਲਈ ਰੈੱਡ ਕਰਾਸ ਵਲੋਂ ਹਰ ਤਰ੍ਹਾਂ ਸਹਿਯੋਗ ਕੀਤਾ ਜਾਵੇਗਾ। ਮੀਟਿੰਗ ਵਿੱਚ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਪਿਆਰੇ ਬੱਚਿਆਂ ਨੂੰ ਫਸਟ-ਏਡ ਟ੍ਰੇਨਿੰਗ ਹਾਸਲ ਕਰਨ ਦੀ ਪ੍ਰੇਰਨਾ ਕਰਨ ਤਾਂ ਕਿ ਜਿੱਥੇ ਉਹ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਵੇਲੇ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਰੱਖਦੇ ਹੋਣ ਉੱਥੇ ਫਸਟ-ਏਡ ਕਰਨਾ ਵੀ ਜਾਣਦੇ ਹੋਣ। ਇਸ ਮੌਕੇ ਟ੍ਰੇਨਿੰਗ ਪਾਰਕ ਵਿਖੇ ਪੁੱਜੀਆਂ ਮਹਿਮਾਨ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੋਸਾਇਟੀ ਵਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।