ਪੰਜਾਬ ਦੇ ਹਾਲਤਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀਆਂ ਭਾਗੀਦਾਰ - ਇਕਬਾਲ ਸਿੰਘ ਝੂੰਦਾਂ
ਪੰਜਾਬ ਸਰਕਾਰ ਦੱਸੇ, ਆਫਤਨ ਪ੍ਰਬੰਧਨ ਦਾ 8 ਹਜ਼ਾਰ 62 ਕਰੋੜ ਰੁਪਇਆ ਕਿੱਥੇ ਖਰਚ ਕੀਤਾ
ਪ੍ਰਮੋਦ ਭਾਰਤੀ
ਚੰਡੀਗੜ 2 ਸਤੰਬਰ,2025
ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਹੜ੍ਹ ਨਾਲ ਪਈ ਮਾਰ ਤੋਂ ਬਾਅਦ ਜਿਹੜੇ ਹਾਲਾਤ ਬਣੇ, ਓਹਨਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀਆਂ ਭਾਗੀਦਾਰ ਹਨ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਭ ਤੋ ਵੱਡੀ ਨਲਾਇਕੀ ਸੂਬਾ ਸਰਕਾਰ ਦੀ ਹੈ, ਜਿਸ ਨੇ ਅਗਾਂਊ ਪ੍ਰਬੰਧਾਂ ਤੇ ਧਿਆਨ ਨਹੀਂ ਦਿੱਤਾ।
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ, 31 ਮਾਰਚ 2022 ਤੱਕ ਸੂਬਾ ਸਰਕਾਰ ਕੋਲ NDRF ਅਤੇ SDRF ਤਹਿਤ 8 ਹਜ਼ਾਰ 62 ਕਰੋੜ ਰੁਪਏ ਫੰਡ ਦੇ ਰੂਪ ਸਨ, ਜਿਹੜੀ ਰਕਮ ਹੁਣ ਲਗਭਗ 9 ਹਜ਼ਾਰ ਕਰੋੜ ਰੁਪਏ ਹੋ ਚੁੱਕੀ ਹੈ। ਪੰਜਾਬ ਸਰਕਾਰ ਇਹਨਾਂ ਫੰਡਾਂ ਬਾਰੇ ਜਰੂਰ ਜਾਣਾਕਰੀ ਦੇਵੇ ਕਿ ਇਹਨਾਂ ਫੰਡਾਂ ਨੂੰ ਕਿੱਥੇ ਕਿੱਥੇ ਖਰਚ ਕੀਤਾ ਗਿਆ। ਜੇਕਰ ਖਰਚ ਨਹੀਂ ਕੀਤਾ ਗਿਆ ਤਾਂ ਇਹ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਹੈ। ਸਾਲ 2023 ਵਿੱਚ ਆਏ ਹੜ ਲਈ NDRF ਅਤੇ SDRF ਤਹਿਤ ਲਗਭਗ 550 ਕਰੋੜ ਰੁਪਏ ਸਨ, ਪਰ ਇਹ ਫੰਡ ਵੀ ਪਿਛਲੇ ਹੜ੍ਹਾਂ ਦੇ ਚਲਦੇ ਪੂਰਾ ਨਹੀਂ ਵਰਤਿਆ ਗਿਆ। ਇਸ ਤੋਂ ਇਲਾਵਾ ਜੱਥੇਦਾਰ ਝੂੰਦਾਂ ਨੇ ਕਿਹਾ ਕਿ ਇਹ ਵੀ ਵੱਡਾ ਦੁਖਾਂਤ ਹੈ ਕਿ ਇਸ ਫੰਡ ਤਹਿਤ 19 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜੇ ਦਾ ਪ੍ਰਬੰਧਨ ਹੈ,ਪਰ ਸਰਕਾਰ ਨੇ ਹੁਣ ਤੱਕ ਇਸ ਮੁਆਵਜੇ ਨੂੰ ਬਹੁਤ ਘੱਟ ਵਰਤਿਆ, ਜਦੋਂ ਕਿ ਕੁਦਰਤੀ ਆਫ਼ਤ ਪ੍ਰਬੰਧਨ ਤਹਿਤ ਜਾਰੀ ਹੋਣ ਵਾਲੇ ਫੰਡਾਂ ਨੂੰ ਵੱਖ ਵੱਖ ਕੈਟਾਗਰੀ ਤੌਰ ਤੇ ਵਰਤਿਆ ਜਾ ਸਕਦਾ ਹੈ। ਜਿਸ ਵਿੱਚ ਜਾਨੀ ਨੁਕਸਾਨ ਤਹਿਤ ਚਾਰ ਲੱਖ ਰੁਪਏ ਤੱਕ ਦਾ ਮੁਆਵਜਾ,ਫ਼ਸਲ ਖਰਾਬੇ ਦਾ ਮੁਆਵਜਾ, ਪਸ਼ੂ ਧਨ ਦੇ ਨੁਕਸਾਨ ਦਾ ਮੁਆਵਜਾ ਰਾਸ਼ੀ ਸ਼ਾਮਿਲ ਹੈ। ਜੱਥੇਦਾਰ ਝੂੰਦਾਂ ਨੇ ਕਿਹਾ ਕਿ,ਇਸਫੰਡ ਤਹਿਤ ਕਿਸਾਨਾਂ ਲਈ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਬਾਹਰ ਕੱਢਣ ਲਈ ਮੁਆਵਜ਼ੇ ਦਾ ਪ੍ਰਬੰਧ ਹੈ। ਓਹਨਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਹ ਜਾਣਾਕਰੀ ਜਨਤਕ ਕਰੇ ਕਿ, ਹੁਣ ਤੱਕ ਇਹਨਾ ਮਦਾਂ ਤਹਿਤ ਕਿੰਨ੍ਹੇ ਰੁਪਏ ਮੁਆਵਜ਼ਾ ਰਾਸ਼ੀ ਜਾਰੀ ਹੋਈ ਹੈ।
ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਕਿਹਾ ਕਿ, ਮਿਟੀਗੇਸ਼ਨ ਫੰਡ (ਅਗਾਂਊ ਪ੍ਰਬੰਧਨ ਫੰਡ ) ਤਹਿਤ ਪੰਜਾਬ ਨੂੰ ਮਿਲਦੇ 160 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 117.50 ਕਰੋੜ ਰੁਪਏ ਦੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ, ਪਰ ਇਸ ਰਾਸ਼ੀ ਵਿੱਚੋਂ ਕਿੰਨ੍ਹੇ ਰੁਪਏ ਖਰਚੇ ਕੀਤੇ ਗਏ ਇਸ ਬਾਰੇ ਪੰਜਾਬ ਸਰਕਾਰ ਚਾਨਣਾ ਜਰੂਰ ਪਾਵੇ।
ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਹ ਵੀ ਵੱਡੀ ਤ੍ਰਾਸਦੀ ਹੈ ਕਿ ਅੱਜ ਤੱਕ ਪੰਜਾਬ ਪ੍ਰਤੀ ਕੋਈ ਵੀ ਸਰਕਾਰ ਸੰਜੀਦਾ ਨਹੀਂ ਰਹੀ। ਸਮੇਂ ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਜੱਥੇਦਾਰ ਝੂੰਦਾਂ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਬਗੈਰ ਦੇਰੀ ਪੰਜਾਬ ਲਈ ਆਰਥਿਕ ਪੈਕਜ ਦਾ ਐਲਾਨ ਕੀਤਾ ਜਾਵੇ।
ਇਸ ਮੌਕੇ ਓਹਨਾ ਦੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ, ਸਰਦਾਰ ਇਕਬਾਲ ਸਿੰਘ ਅਤੇ ਅਮਰਿੰਦਰ ਸਿੰਘ ਬਨੀ ਬਰਾੜ ਹਾਜ਼ਰ ਸਨ।