ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਡਾਕਟਰ ਭੀਮ ਰਾਓ ਅੰਬੇਦਕਰ ਸਬੰਧੀ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2025: ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ 134ਵੀਂ ਜਯੰਤੀ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਯੂਨੀਵਰਸਿਟੀ ਦੇ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ, ਡਾ. ਅੰਬੇਡਕਰ ਚੇਅਰ ਆਨ ਹਿਊਮਨ ਰਾਈਟਸ ਐਂਡ ਇਨਵਾਇਰੰਮੈਂਟਲ ਵੈਲਯੂਜ਼ ਅਤੇ ਐਸ.ਸੀ./ਐਸ.ਟੀ. ਸੈੱਲ ਦੇ ਸਾਂਝੇ ਉਪਰਾਲਿਆਂ ਰਾਹੀਂ ਸਮਾਗਮ ਕਰਵਾਇਆ ਗਿਆ।ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿੱਚ ਦੋ ਸੈਸ਼ਨ ਸ਼ਾਮਲ ਸਨ। ਪਹਿਲੇ ਸੈਸ਼ਨ ਦੌਰਾਨ ਡਾ. ਰਾਜਕੁਮਾਰ ਫਲਵਰੀਆ (ਸੰਯੁਕਤ ਨਿਰਦੇਸ਼ਕ, ਗਾਂਧੀ ਭਵਨ, ਨਵੀਂ ਦਿੱਲੀ) ਨੇ “ਡਾ. ਅੰਬੇਡਕਰ ਅਤੇ ਉਨ੍ਹਾਂ ਦੀ ਰਾਸ਼ਟਰਵਾਦੀ ਸੋਚ” ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਦੀ ਸ਼ਖਸੀਅਤ ਨੂੰ ਕਿਸੇ ਇੱਕ ਜਾਤੀ ਜਾਂ ਸਮੁਦਾਇ ਤੱਕ ਸੀਮਿਤ ਕਰਨਾ ਉਨ੍ਹਾਂ ਦੀ ਵਿਅਕਤੀਗਤ ਮਹਾਨਤਾ ਨੂੰ ਘਟਾਉਂਦਾ ਹੈ। ਉਨ੍ਹਾਂ ਨੇ ਡਾ. ਅੰਬੇਡਕਰ ਦੇ ਇੱਕ ਉੱਘੇ ਖੋਜਕਰਤਾ, ਅਰਥਸ਼ਾਸਤਰੀ, ਲੇਖਕ, ਪੱਤਰਕਾਰ, ਸੰਪਾਦਕ ਅਤੇ ਮਜ਼ਦੂਰਾਂ ਅਤੇ ਔਰਤਾਂ ਦੇ ਅਧਿਕਾਰਾਂ ਦੇ ਸਮਰਥਕ ਵਜੋਂ ਯੋਗਦਾਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਡਾ. ਫਲਵਰੀਆ ਨੇ ਕਿਹਾ ਕਿ ਡਾ. ਅੰਬੇਡਕਰ ਇੱਕ ਸੰਵੇਦਨਸ਼ੀਲ ਸ਼ਖਸੀਅਤ ਦੇ ਧਨੀ ਸਨ ਅਤੇ ਉਨ੍ਹਾਂ ਨੇ ਭਾਰਤੀ ਸੰਵਿਧਾਨ ਵਿੱਚ ਸਾਰੇ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ, "ਡਾ. ਅੰਬੇਡਕਰ ਨੂੰ ਕੋਲੰਬੀਆ ਯੂਨੀਵਰਸਿਟੀ ਦੇ 300 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਵਿਦਵਾਨਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ।"
ਦੂਜੇ ਸੈਸ਼ਨ ਵਿੱਚ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਮਾਰਗਦਰਸ਼ਨ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਡਾ. ਵਿਨੋਦ ਆਰੀਆ (ਕੋਆਰਡੀਨੇਟਰ, ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ) ਨੇ ਕੀਤੀ। ਇਸ ਵਿੱਚ ਸ਼੍ਰੀ ਅਨੁਭਵ ਜੈਨ, ਆਈਪੀਐਸ (ਪੰਜਾਬ ਪੁਲਿਸ, ਬਠਿੰਡਾ) ਨੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨਾਂ ਨਾਲ ਯੂਪੀਐਸਸੀ ਅਤੇ ਰਾਜ ਪੀਐਸਸੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਹਾਰਕ ਰਣਨੀਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਅਨੁਸ਼ਾਸਿਤ ਰੁਟੀਨ, ਸਮਾਂ ਪ੍ਰਬੰਧਨ, ਐਨ.ਸੀ.ਈ.ਆਰ.ਟੀ.ਪਾਠ ਪੁਸਤਕਾਂ ਦੀ ਵਰਤੋਂ, ਮੌਕ ਟੈਸਟ ਅਤੇ ਇੰਟਰਵਿਊ ਤਿਆਰੀ ਵਰਗੇ ਪਹਿਲੂਆਂ 'ਤੇ ਵੀ ਚਰਚਾ ਕੀਤੀ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਡਕਰ ਨੇ ਆਧੁਨਿਕ ਭਾਰਤ ਦੀ ਨੀਂਹ ਰੱਖੀ ਅਤੇ ਉਨ੍ਹਾਂ ਦੇ ਵਿਚਾਰ ਸਮਾਨਤਾ, ਨਿਆਂ ਅਤੇ ਸਮਾਜਿਕ ਅੰਤਰਭਾਵਨਾ 'ਤੇ ਆਧਾਰਿਤ ਸਨ। ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਲਈ ਵਿਅਕਤੀਗਤ ਪਹਿਚਾਣ ਦੀ ਹੱਦ ਤੋਂ ਉੱਪਰ ਉਠਣਾ ਪਵੇਗਾ।
ਇਸ ਮੌਕੇ 'ਤੇ ਡਾ. ਅੰਬੇਡਕਰ ਚੇਅਰ ਦੇ ਪ੍ਰੋ. ਕਨ੍ਹਈਆ ਤ੍ਰਿਪਾਠੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਯੂਨੀਵਰਸਿਟੀ ਵਿੱਚ ਚੇਅਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਪ੍ਰੋ. ਬਾਵਾ ਸਿੰਘ ਨੇ ਮੰਚ ਸੰਚਾਲਨ ਕੀਤਾ। ਇਸ ਸਮਾਰੋਹ ਦੌਰਾਨ ਡਾ. ਅੰਬੇਡਕਰ ਸੈਂਟਰ ਆਫ ਐਕਸੀਲੈਂਸ ਦੇ ਵਿਦਿਆਰਥੀਆਂ ਨੂੰ ਭਾਸ਼ਣ, ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦਿੱਤੇ ਗਏ। ਪ੍ਰੋਗਰਾਮ ਦੇ ਸੰਚਾਲਨ ਵਿੱਚ ਪ੍ਰੋ. ਤ੍ਰਿਪਾਠੀ, ਪ੍ਰੋ. ਬਾਵਾ ਸਿੰਘ, ਡਾ. ਵਿਨੋਦ ਆਰੀਆ, ਡਾ. ਨਰਿੰਦਰ ਕੁਮਾਰ, ਡਾ. ਆਨੰਦ ਗੁਪਤਾ ਅਤੇ ਡਾ. ਅਸ਼ਵਨੀ ਕੁਮਾਰ ਸ਼ਾਮਲ ਸਨ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਫੈਕਲਟੀ ਮੈਂਬਰਾਂ ਦੀ ਭਰਪੂਰ ਭਾਗੀਦਾਰੀ ਦੇਖਣ ਨੂੰ ਮਿਲੀ।