ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਸਦਕਾ ਬਠਿੰਡਾ ਵਿੱਚ ਦੂਜੀ ਵਾਰ ਹੋ ਰਿਹਾ ਆਈਪੀਐਲ ਫੈਨ ਪਾਰਕ
ਅਸ਼ੋਕ ਵਰਮਾ
ਬਠਿੰਡਾ, 18 ਅਪ੍ਰੈਲ 2025 : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ, ਬਠਿੰਡਾ ਵਿੱਚ ਲਗਾਤਾਰ ਦੂਜੀ ਵਾਰ, 19 ਤੇ 20 ਅਪ੍ਰੈਲ ਨੂੰ ਪੁਲਿਸ ਪਬਲਿਕ ਸਕੂਲ ਦੇ ਖੇਡ ਮੈਦਾਨ ਵਿੱਚ ਵੱਡੇ ਪੱਧਰ 'ਤੇ ਆਈਪੀਐਲ ਫੈਨ ਪਾਰਕ ਕਰਵਾਇਆ ਜਾ ਰਿਹਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਬੀ.ਸੀ.ਸੀ.ਆਈ. ਦੇ ਸ੍ਰੀ ਸੱਤਿਆਪਾਲ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦੇਸ਼ ਦੇ 50 ਸ਼ਹਿਰਾਂ ਵਿੱਚ ਫੈਨ ਪਾਰਕ ਕਰਵਾਇਆ ਜਾਂਦਾ ਹੈ ਅਤੇ ਬਠਿੰਡਾ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਬੀ.ਸੀ.ਸੀ.ਆਈ. ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਫੈਨ ਪਾਰਕ ਲਈ ਬਠਿੰਡਾ ਨੂੰ ਚੁਣਿਆ ਹੈ ਜੋਕਿ ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ। ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਇਸ ਵਾਰ ਪੁਲਿਸ ਪਬਲਿਕ ਸਕੂਲ ਦੇ ਕਾਪਸ ਕਲੱਬ ਵਿੱਚ ਫੈਨ ਪਾਰਕ ਲਈ ਇੱਕ ਵੱਡੀ ਸਕ੍ਰੀਨ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਫੈਨ ਪਾਰਕ ਵਿੱਚ ਬਠਿੰਡਾ ਵਾਸੀਆਂ ਲਈ ਮੁਫ਼ਤ ਐਂਟਰੀ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂ ਕਿ ਸੁਰੱਖਿਆ ਕਾਰਨਾਂ ਕਰਕੇ, ਫੈਨ ਪਾਰਕ ਵਿੱਚ ਦਾਖਲ ਹੋਣ ਵਾਲੇ ਕ੍ਰਿਕਟ ਪ੍ਰੇਮੀਆਂ ਦੇ ਗੁੱਟ 'ਤੇ ਬੈਂਡ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਲੱਕੀ ਡਰਾਅ ਲਈ ਨਾਵਾਂ ਵਾਲੀਆਂ ਚਿੱਟਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਅਤੇ ਜੇਤੂ ਦਰਸ਼ਕ ਨੂੰ ਇਨਾਮ ਵਜੋਂ ਕ੍ਰਿਕਟ ਖਿਡਾਰੀਆਂ ਦੇ ਦਸਤਖਤ ਵਾਲੀ ਜਰਸੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਆਈਪੀਐਲ ਫੈਨ ਪਾਰਕ ਵਿੱਚ ਬੈਟ ਫਾਸਟ, ਫੇਸ ਪੇਂਟਿੰਗ, ਕ੍ਰਿਕਟ ਨੈੱਟ, 360 ਡਿਗਰੀ ਸੈਲਫੀ ਪੁਆਇੰਟ, ਕਿਡਜ਼ ਜ਼ੋਨ, ਸਟੇਜ ਸ਼ੋਅ ਵਰਗੀਆਂ ਵਧੀਆ ਮਨੋਰੰਜਨ ਗਤੀਵਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਫੈਨ ਪਾਰਕ ਵਿੱਚ 7,000 ਲੋਕਾਂ ਲਈ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਬੈਠਣ ਦੀ ਵਿਵਸਥਾ ਵੀ ਕੀਤੀ ਗਈ ਹੈ। ਮਾਣਯੋਗ ਮੇਅਰ ਨੇ ਦੱਸਿਆ ਕਿ ਆਈਪੀਐਲ ਫੈਨ ਪਾਰਕ ਵਿੱਚ ਆਉਣ ਵਾਲੇ ਦਰਸ਼ਕਾਂ ਲਈ ਬਹੁਤ ਘੱਟ ਕੀਮਤ 'ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਲਈ ਬੂਥ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਫੈਨ ਪਾਰਕ ਵਿੱਚ ਦਾਖਲਾ ਸ਼ਨੀਵਾਰ, 19 ਅਪ੍ਰੈਲ ਅਤੇ ਐਤਵਾਰ, 20 ਅਪ੍ਰੈਲ ਨੂੰ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ। 19 ਅਪ੍ਰੈਲ ਨੂੰ, ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਟੀਮ ਤੇ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਟੀਮ ਵਿਚਕਾਰ ਆਈਪੀਐਲ ਦੇ ਦੋਵੇਂ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਜਦੋਂ ਕਿ ਐਤਵਾਰ 20 ਅਪ੍ਰੈਲ ਨੂੰ, ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਟੀਮ ਤੇ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਟੀਮ ਵਿਚਕਾਰ ਆਈਪੀਐਲ ਦੇ ਦੋਵੇਂ ਮੈਚ ਦਰਸ਼ਕਾਂ ਨੂੰ ਲਾਈਵ ਦਿਖਾਏ ਜਾਣਗੇ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਮੀਡੀਆ ਕਰਮਚਾਰੀਆਂ ਲਈ ਇੱਕ ਕਮਾਂਡ ਸੈਂਟਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮੀਡੀਆ ਕਰਮਚਾਰੀਆਂ ਦੇ ਫੇਸ ਪੇਂਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਆਈਪੀਐਲ ਫੈਨ ਪਾਰਕ ਦਾ ਦੌਰਾ ਕਰਨ ਅਤੇ ਆਨੰਦ ਲੈਣ ਦੀ ਅਪੀਲ ਕੀਤੀ ਜਿਨ੍ਹਾਂ ਲਈ ਬਹੁਤ ਵਧੀਆ ਪ੍ਰਬੰਧ ਬਿਲਕੁਲ ਮੁਫ਼ਤ ਕੀਤੇ ਗਏ ਹਨ।