ਪਿੰਡ ਸਿਤਾਰਪੁਰ 'ਚ ਵੜਿਆ ਕਈਂ ਘਰਾਂ ਚ ਪਾਣੀ, ਪਿੰਡ ਵਾਸੀ ਹੋਏ ਹਾਲੋਂ ਬੇਹਾਲ
ਮਲਕੀਤ ਸਿੰਘ ਮਲਕਪੁਰ
ਲਾਲੜੂ, 4 ਸਤੰਬਰ 2025: ਬੀਤੇ ਕੱਲ ਹੋਈ ਭਾਰੀ ਬਰਸਾਤ ਕਾਰਨ ਅਤੇ ਮੀਰਪੁਰਾ ਤੋਂ ਆਉਂਦੇ ਚੋਏ ਦੇ ਪਾਣੀ ਦੀ ਮਾਰ ਦੇ ਚਲਦਿਆਂ ਪਿੰਡ ਸਿਤਾਰਪੁਰ ਦੇ ਕਰੀਬ ਦੋ ਦਰਜਨ ਘਰਾਂ ਵਿੱਚ ਪਾਣੀ ਵੜ ਗਿਆ ਅਤੇ ਪਿੰਡ ਵਾਸੀ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਪਾਣੀ ਦੀ ਆਮਦ ਜਿਆਦਾ ਹੋਣ ਕਾਰਨ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਦੇ ਚਲਦਿਆਂ ਫਸਲਾ ਡੁੱਬ ਚੁੱਕੀਆਂ ਹਨ। ਬਰਸਾਤ ਦਾ ਪਾਣੀ ਆਉਣ ਤੇ ਕੁੱਝ ਲੋਕਾਂ ਨੇ ਆਪਣੇ ਘਰਾਂ ਦੇ ਮੁਹਰੇ ਮਿੱਟੀ ਦੇ ਭਰੇ ਥੈਲੇ ਲਗਾ ਕੇ ਪਾਣੀ ਨੂੰ ਵੜਨ ਤੋਂ ਰੋਕ ਲਿਆ, ਪਰ ਕੁੱਝ ਘਰਾਂ ਵਿੱਚ ਪਾਣੀ ਰੋਕਣ ਲਈ ਪਿੰਡ ਵਾਸੀ ਨਾਕਾਮ ਰਹੇ। ਪਿੰਡ ਵਾਸੀ ਪੰਚ ਗੁਰਜੰਟ ਸਿੰਘ, ਮੇਵਾ ਸਿੰਘ, ਦਲੇਰ ਸਿੰਘ, ਪ੍ਰਦੀਪ ਸਿੰਘ, ਬਲਰਾਮ ਸਿੰਘ, ਗੁਰਪ੍ਰੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਭਾਰੀ ਬਰਸਾਤ ਦੇ ਕਾਰਨ ਪਿੰਡ ਦੇ ਘਰਾਂ ਵਿੱਚ ਪਾਣੀ ਵੜਿਆ ਹੈ। ਉਨ੍ਹਾਂ ਕਿਹਾ ਕਿ ਸੜਕ ਨੇੜਲੇ ਘਰਾਂ ਵਿੱਚ ਤਾਂ ਇੱਕ ਤੋਂ ਦੋ ਫੁੱਟ ਤੱਕ ਪਾਣੀ ਭਰ ਗਿਆ ਸੀ ਅਤੇ ਲੋਕ ਰਾਤ ਨੂੰ ਹੀ ਮਿੱਟੀ ਦੇ ਥੈਲੇ ਲਗਾ ਕੇ ਪਾਣੀ ਨੂੰ ਬਾਹਰ ਕੱਢਦੇ ਰਹੇ, ਪਰ ਫਿਰ ਵੀ ਘਰਾਂ ਇੱਕ-ਇੱਕ ਫੁੱਟ ਪਾਣੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਕਈਂ ਘਰਾਂ ਵਿੱਚ ਰੱਖੀ ਕਣਕ ਸਮੇਤ ਹੋਰ ਸਮੱਗਰੀ ਨੂੰ ਵੀ ਬਰਸਾਤ ਦੇ ਪਾਣੀ ਕਾਰਨ ਖਰਾਬ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਅੱਜ ਸਾਮ ਤੱਕ ਵੀ ਪਾਣੀ ਦੀ ਆਮਦ ਬਹੁਤ ਜਿਆਦਾ ਸੀ। ਉਨ੍ਹਾਂ ਚਿੰਤਾਂ ਜਾਹਿਰ ਕਰਦਿਆਂ ਕਿਹਾ ਜੇਕਰ ਮੁੜ ਤੋਂ ਮੀਂਹ ਪੈ ਜਾਂਦਾ ਹੈ ਜਾਂ ਪਾਣੀ ਦੀ ਆਮਦ ਵੱਧਦੀ ਹੈ ਤਾਂ ਪਿੰਡ ਦੇ ਹਰ ਘਰ ਵਿੱਚ ਪਾਣੀ ਵੜ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਘਰਾਂ ਵਿੱਚ ਦਿੱਕਤ ਆਈ ਹੈ ਪ੍ਰਸਾਸ਼ਨ ਉਨ੍ਹਾਂ ਦੀ ਬਾਂਹ ਜਰੂਰ ਫੜੇ। ਉਨ੍ਹਾਂ ਕਿਹਾ ਕਿ ਜਿਥੇ ਘਰਾਂ ਦਾ ਨੁਕਸਾਨ ਹੋਇਆ ਹੈ, ਉਥੇ ਹੀ ਪਿੰਡ ਧਰਮਗੜ੍ਹ, ਰਾਮਗੜ੍ਹ ਰੁੜਕੀ, ਬਟੌਲੀ, ਕੁਰਲੀ, ਜਾਸਤਨਾਂ ਕਲਾਂ, ਜਾਸਤਨਾਂ ਖੁਰਦ, ਮਲਕਪੁਰ ਸਮੇਤ ਨੇੜਲੇ ਪਿੰਡਾਂ ਦੀ ਫਸਲ ਵੀ ਪਾਣੀ ਵਿੱਚ ਡੁੱਬੀ ਹੋਈ ਹੈ, ਜੇਕਰ ਜਲਦ ਪਾਣੀ ਨਹੀਂ ਉੱਤਰਦਾ ਤਾਂ ਫਸਲ ਦਾ ਨੁਕਸਾਨ ਹੋਣਾ ਵੀ ਤੈਅ ਹੈ।