ਨਸਲਘਾਤ ਦੇ ਸ਼ਿਕਾਰ ਫ਼ਲਸਤੀਨੀਆਂ ਤੇ ਇਜ਼ਰਾਇਲੀ ਜ਼ਬਰ ਖਿਲਾਫ਼ ਕਨਵੈਨਸ਼ਨ ਅਤੇ ਮਾਰਚ
ਅਸ਼ੋਕ ਵਰਮਾ
ਬਰਨਾਲਾ, 7 ਅਕਤੂਬਰ 2025:ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਪੰਜਾਬ ੇ ਪ੍ਰਧਾਨਗੀ ਮੰਡਲ ਖੁਸ਼ੀਆ ਸਿੰਘ, ਗੋਬਿੰਦ ਸਿੰਘ ਛਾਜਲੀ, ਅਵਤਾਰ ਸਿੰਘ ਤਾਰੀ, ਹਰਮੇਲ ਸਿੰਘ ਮਹਿਰੋਕ, ਜਗਜੀਤ ਸਿੰਘ ਲਹਿਰਾ ਅਤੇ ਪ੍ਰੋ ਜੈਪਾਲ ਸਿੰਘ ਦੀ ਅਗਵਾਈ ਹੇਠ ਕਨਵੈਂਨਸ਼ਨ ਕੀਤੀ ਅਤੇ ਰੋਸ ਮਾਰਚ ਕੱਢਕੇ ਇਜਰਾਇਲ ਧਾੜਵੀਆਂ ਵੱਲੋਂ ਫਲਿਸਤੀਨੀਆਂ ਤੇ ਕੀਤਾ ਜਾ ਰਿਹਾ ਜਬਰ ਬੰਦ ਕਰਨ ਦੀ ਮੰਗ ਕੀਤੀ। ਕਨਵੈਨਸ਼ਨ ਨੂੰ ਸੀ ਪੀ ਆਈ ਦੇ ਸੂਬਾ ਕੌਂਸਲ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ, ਆਰ ਐਮ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਐਮ ਐਲ (ਲਿਬਰੇਸ਼ਨ) ਦੇ ਆਗੂ ਸੁਖਦਰਸ਼ਨ ਨੱਤ, ਸੀ ਪੀ ਆਈ ਐਮ ਐਲ (ਨਿਊਡੈਮੋਕਰੇਸੀ) ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ, ਐਮ ਸੀ ਪੀ ਆਈ (ਯੂ) ਦੇ ਆਗੂ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਦੌਰਾਨ ਕਿਹਾ ਕਿ ਇਜ਼ਰਾਈਲ ਅਮਰੀਕਾ ਤੇ ਨਾਟੋ ਗੁੱਟ ਦੀ ਮੱਦਦ ਅਤੇ ਛਤਰਛਾਇਆ ਨਾਲ ਫ਼ਲਸਤੀਨੀਆਂ ਦਾ ਸੱਤ ਦਹਾਕਿਆਂ ਤੋਂ ਨਸਲਘਾਤ ਕਰ ਰਿਹਾ ਹੈ। ਇਜ਼ਰਾਈਲ ਨੇ ਫ਼ਲਸਤੀਨ 'ਚ ਪਿਛਲੇ ਦੋ ਸਾਲਾਂ ਤੋਂ ਭਿਆਨਕ ਤਬਾਹੀ ਮਚਾ ਕੇ ਹੁਣ ਤੱਕ 67 ਹਜਾਰ ਤੋਂ ਵੱਧ ਲੋਕਾਂ ਦਾ ਕਤਲ ਕਰ ਚੁੱਕਾ ਹੈ, ਸੰਸਾਰ ਭਰ ਦੇ ਅਮਨਪਸੰਦ ਲੋਕਾਂ ਲਈ ਇਹ ਬਹੁਤ ਵੱਡੀ ਚੁਣੌਤੀ ਹੈ।
ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਵਧੇਰੇ ਮਸੂਮ ਬੱਚੇ, ਔਰਤਾਂ ਅਤੇ ਬਜ਼ੁਰਗਾਂ ਤੋਂ ਬਿਨਾਂ ਸੈਂਕੜੇ ਡਾਕਟਰ, ਪੱਤਰਕਾਰ ਸ਼ਾਮਲ ਹਨ । ਫ਼ਲਸਤੀਨ ਦੇ ਗਾਜ਼ਾ ਸ਼ਹਿਰ 'ਚ ਬਸਤੀਆਂ, ਸਕੂਲ ਤੇ ਹਸਪਤਾਲ ਢਹਿ ਢੇਰੀ ਹੋਕੇ ਮਲਬੇ ਬਣ ਗਈਆਂ ਹਨ। ਮਲਬਿਆਂ ਦੀ ਸਫ਼ਾਈ 'ਚੋਂ ਵੀ ਕਾਰਪੋਰੇਟ ਕੰਪਨੀਆਂ ਵੱਡੇ ਮੁਨਾਫ਼ੇ ਕਮਾ ਰਹੀਆਂ ਹਨ। ਇਜ਼ਰਾਈਲ ਨੂੰ ਹਥਿਆਰ ਵੇਚਣ ਵਿੱਚ ਵੀ ਵਧੇਰੇ ਅਮਰੀਕਾ ਤੇ ਨਾਟੋ ਗੁੱਟ ਸ਼ਾਮਲ ਹਨ। ਘਰੋਂ ਬੇਘਰ ਹੋਏ, ਉਜੜ ਚੁੱਕੇ ਫ਼ਲਸਤੀਨੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਤੜਫ਼ ਤੜਫ਼ ਕੇ ਮਰ ਰਹੇ ਹਨ। ਹਜ਼ਾਰਾਂ ਫ਼ਲਸਤੀਨੀ ਬੱਚੇ, ਬੁੱਢੇ, ਔਰਤਾਂ ਤੇ ਨੌਜਵਾਨ ਮਰਦ ਗੁਆਂਢੀ ਦੇਸ਼ਾਂ ਵਿੱਚ ਹਿਜ਼ਰਤ ਕਰਨ ਲਈ ਮਜ਼ਬੂਰ ਹਨ। ਬਹੁਤ ਫ਼ਲਸਤੀਨੀ ਉਹ ਹਨ ਜੋ ਪੈਸੇ ਦੀ ਘਾਟ ਕਰਕੇ ਗੁਆਂਢੀ ਦੇਸ਼ਾਂ ਵਿੱਚ ਪਲਾਇਨ ਵੀ ਨਹੀਂ ਕਰ ਸਕਦੇ। ਅਮਰੀਕਨ ਸਾਮਰਾਜ ਅਰਬ ਦੇਸ਼ਾਂ ਦੇ ਤੇਲ 'ਤੇ ਕਬਜ਼ਾ ਬਰਕਰਾਰ ਰੱਖਣ ਅਤੇ ਚੀਨ ਦਾ ਟਾਕਰਾ ਕਰਨ ਲਈ ਇਜ਼ਰਾਈਲ ਨੂੰ ਫੌਜੀ ਚੌਂਕੀ ਵਜੋਂ ਵਰਤਣ ਲਈ ਇਹ ਕਤਲੇਆਮ ਰਚਾ ਰਿਹਾ ਹੈ।
ਇਸ ਸਮੇ ਬੁਲਾਰਿਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ਾਂਤੀ ਲਈ ਰੱਖੇ ਵੀਹ ਨੁਕਾਤੀ ਪ੍ਰੋਗਰਾਮ ਨੂੰ ਰੱਦ ਕਰਦਿਆਂ ਕਿਹਾ ਕਿ ਦੁਨੀਆਂ ਦਾ ਇਹ ਦਰਿੰਦਾ ਆਪਣੇ ਮੁਨਾਫ਼ਿਆਂ ਦੀ ਹੈ ਵਿੱਚੋਂ ਫ਼ਲਸਤੀਨ ਨੂੰ ਅਪਣੀ ਬਸਤੀ ਬਨਾਉਣਾ ਚਾਹੁੰਦਾ ਹੈ। ਕਨਵੈਨਸ਼ਨ ਵਿੱਚ ਸਾਥੀ ਮਹੀਪਾਲ ਨੇ ਗਾਜ਼ਾ ਚੋਂ ਇਜ਼ਰਾਈਲੀ ਫ਼ੌਜਾਂ ਤੁਰੰਤ ਕੱਢਣ ਅਤੇ ਫ਼ਲਸਤੀਨ ਦੇਸ਼ ਨੂੰ ਤੁਰੰਤ ਆਜ਼ਾਦ ਕਰਨ, ਇਜ਼ਰਾਈਲ ਵੱਲੋਂ ਗਲੋਬਲ ਸਮੁਦ ਫਲੋਟੀਲਾ ਦੇ ਮਾਨਵੀ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ ਕਰਦਿਆਂ ਰਿਹਾਅ ਕਰਨ, ਇਜ਼ਰਾਈਲ ਵੱਲੋਂ ਫ਼ਲਸਤੀਨ ਤੇ ਲਾਈਆਂ ਪਾਬੰਦੀਆਂ ਹਟਾਉਣ, ਫ਼ਲਸਤੀਨੀਆਂ ਨੂੰ ਖਾਧ ਖੁਰਾਕ ਪਹੁੰਚਾਉਣ ਲਈ ਖੁੱਲ੍ਹ ਦੇਣ, ਮੱਧ ਭਾਰਤ ਦੇ ਸੂਬਿਆਂ 'ਚ ਆਦਿਵਾਸੀਆਂ ਅਤੇ ਮਾਓਵਾਦੀਆਂ ਦੇ ਝੂਠੇ ਮੁਕਾਬਲੇ ਬੰਦ ਕਰਨ, ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ ਅਤੇ ਜ਼ਮੀਨ ਲੁੱਟਣ ਦੀ ਖੁੱਲ੍ਹ ਬੰਦ ਕਰਨ, ਮਾਓਵਾਦੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ, ਅਮਿਤ ਸ਼ਾਹ ਦੇ ਮਾਓਵਾਦੀਆਂ ਨਾਲ ਗੱਲਬਾਤ ਕਰਨ ਦੀ ਤਜਵੀਜ ਦੀ ਥਾਂ ਮਾਰਚ 2026 ਤਕ ਬਿਲਕੁਲ ਖ਼ਤਮ ਕਰਨ ਦੇ ਦਮਗਜਿਆਂ ਦੀ ਜੋਰਦਾਰ ਨਿੰਦਾ ਕੀਤੀ ਗਈ।
ਇਸ ਮੌਕੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਫੌਰੀ ਤੌਰ 'ਤੇ ਪੂਰਤੀ ਕਰਨ, ਘੱਟੋ ਘੱਟ 70000/ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ, ਹੜ੍ਹ ਪੀੜਤ ਮਜ਼ਦੂਰਾਂ ਦੇ ਨੁਕਸਾਨ ਦੀ ਪੂਰਤੀ ਕਰਨ, ਦਰਿਆਵਾਂ ਦੇ ਪਾਣੀ ਨੂੰ ਲੋਕਾਂ ਦੇ ਨੁਕਸਾਨ ਤੋਂ ਰੋਕਣ ਲਈ ਦੋਵੇਂ ਪਾਸੇ ਮਜ਼ਬੂਤ ਬੰਨ ਉਸਾਰੇ ਜਾਣ, ਹੜ੍ਹਾਂ ਦੇ ਜਿੰਮੇਵਾਰ ਕਾਰਨਾਂ ਦੀ ਜਾਂਚ ਕਰਨ ਲਈ ਜੁਡੀਸ਼ੀਅਲ ਕਮੀਸ਼ਨ ਬਨਾਉਣ, ਲੇਹ ਲਦਾਖ਼ ਨੂੰ ਪੂਰਨ ਰਾਜ ਦਾ ਦਰਜਾ ਦੇਣ, ਸੋਨਮ ਵਾਂਗਚੁੱਕ ਦੀ ਤੁਰੰਤ ਰਿਹਈ, ਬਿਹਾਰ ਤੋਂ ਬਾਅਦ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਐਸ ਆਈ ਆਰ (ਸਪੈਸ਼ਲ ਵੋਟ ਸੋਧ) ਦੀ ਮੁਹਿੰਮ ਬੰਦ ਕਰਨ, ਸਜ਼ਾ ਭੁਗਤ ਚੁੱਕੇ ਸਾਰੇ ਸਿਆਸੀ ਕੈਦੀ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕਰਨ ਆਦਿ ਅਹਿਮ ਮਤਿਆਂ ਨੂੰ ਹਾਜ਼ਰੀਨ ਨੇ ਦੋਹੇਂ ਹੱਥ ਖੜੇ ਕਰਕੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪ੍ਰਵਾਨਗੀ ਦਿੱਤੀ। ਇਸ ਸਮੇ ਗਾਇਕ ਕਲਾਕਾਰਾਂ 'ਚ ਅਜਮੇਰ ਅਕਲੀਆ, ਇਕਬਾਲ ਕੌਰ ਉਦਾਸੀ, ਰਾਮ ਸਿੰਘ ਹਠੂਰ, ਮੰਦਰ ਸਿੰਘ ਜੱਸੀ ਸ਼ਾਮਲ ਸਨ। ਕਨਵੈਨਸ਼ਨ ਦੌਰਾਨ ਸਟੇਜ ਸੰਚਾਲਨ ਸਾਥੀ ਨਰੈਣ ਦੱਤ ਨੇ ਕੀਤਾ । ਅੰਤ ਵਿੱਚ ਫ਼ਲਸਤੀਨ ਤੇ ਢਾਹੇ ਜਾ ਰਹੇ ਜ਼ਬਰ ਦੀਆਂ ਦਰਦਨਾਕ ਤਸਵੀਰਾਂ ਨਾਲ ਲੈਸ ਹੋ ਮੁਕਤੀ ਸੰਘਰਸ਼ ਨਾਲ ਇੱਕਮੁੱਠਤਾ ਜ਼ਾਹਰ ਕਰਦਿਆਂ ਜੋਸ਼ ਭਰਪੂਰ ਮਾਰਚ ਕੀਤਾ ਗਿਆ।