ਦਾਖਾ ਪੁਲਿਸ ਨੂੰ ਨਸ਼ਾ ਤਸਕਰੀ ਵਿੱਚ ਮਿਲੀ ਵੱਡੀ ਸਫਲਤਾ, ਤਿੰਨ ਤਸਕਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
ਦੀਪਕ ਜੈਨ
ਜਗਰਾਉਂ, 18 ਅਪ੍ਰੈਲ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਤ ਅੱਜ ਸਬ ਡਿਵੀਜ਼ਨ ਦਾਖਾ ਦੇ ਥਾਣਾ ਦਾਖਾ ਦੀ ਪੁਲਿਸ ਪਾਰਟੀ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਨਸ਼ਾ ਤਸਕਰ ਜਤਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਸ਼ਿਮਲਾਪੁਰੀ ਲੁਧਿਆਣਾ, ਮਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਉਰਫ ਕਿਸ਼ੋਰ ਸਿੰਘ ਪੁੱਤਰ ਬਚਨਾਂ ਰਾਮ ਬਾਸੀ ਜਲਾਲਪਤੀ ਦਾਖਾ ਅਤੇ ਤੀਸਰੇ ਦੋਸ਼ੀ ਸ਼ੁਭੂਮ ਸੈਨੀ ਪੁੱਤਰ ਸੁਸ਼ੀਲ ਸੈਨੀ ਵਾਸੀ ਗਲੀ ਨੰਬਰ ਦੋ ਬਸੰਤ ਨਗਰ ਲੁਹਾਰਾ ਜਿਲਾ ਲੁਧਿਆਣਾ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਥਾਣਾ ਦਾਖਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਵੀ ਹਾਸਿਲ ਕੀਤਾ ਜਾਵੇਗਾ ਤਾਂ ਕਿ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਇਹ ਹੈਰੋਇਨ ਕਿਸ ਤਸਕਰ ਕੋਲੋਂ ਲੈ ਕੇ ਆਉਂਦੇ ਹਨ ਅਤੇ ਅੱਗੇ ਕਿਸ ਨੂੰ ਵੇਚਦੇ ਹਨ। ਡੀਐਸਪੀ ਨੇ ਅੱਗੇ ਆਖਿਆ ਕਿ ਇਨਾ ਨਸ਼ਾ ਤਸਕਰਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਮੇਨ ਨਸ਼ਾ ਤਸਕਰਾਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਨਸ਼ਾ ਸਪਲਾਈ ਦੀ ਮੇਨ ਹੱਬ ਤੱਕ ਪਹੁੰਚਿਆ ਜਾਵੇਗਾ। ਜਿਸ ਨਾਲ ਨਸ਼ੇ ਦੇ ਕਾਰੋਬਾਰ ਨੂੰ ਇਲਾਕੇ ਵਿੱਚੋਂ ਮੁਕੰਮਲ ਤੌਰ ਤੇ ਬੰਦ ਕਰਵਾਇਆ ਜਾਵੇ।