ਤੰਦਰੁਸਤ ਖਿਡਾਰੀ ਪੈਦਾ ਕਰਨ ਲਈ ਬਣਿਆ ਜੈਤੋ ਦਾ ਸਟੇਡੀਅਮ ਖੁਦ ਬਿਮਾਰ
- ਖੰਡਰ ਬਣਦੇ ਜਾ ਰਹੇ ਜੈਤੋ ਖੇਡ ਸਟੇਡੀਅਮ ਦੀ ਹਾਲਤ ਸੁਧਾਰਨ ਲਈ ਸਰਕਾਰ ਠੋਸ ਕਦਮ ਚੁੱਕੇ : ਜਸਵਿੰਦਰ ਸਿੰਘ ਜੋਨੀ/ਹਰਸੰਗੀਤ ਹੈਪੀ
ਮਨਜੀਤ ਸਿੰਘ ਢੱਲਾ
ਜੈਤੋ, 22 ਜਨਵਰੀ 2025 - ਇਕ ਪਾਸੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਖੇਡਾਂ ’ਤੇ ਕਰੋੜਾਂ ਰੁਪਏ ਖ਼ਰਚਣ ਦੇ ਪ੍ਰਤੀ ਦਿਨ ਦਾਅਵੇ ਕੀਤੇ ਜਾਂਦੇ ਹਨ, ਪਰ ਦੂਜੇ ਪਾਸੇ ਖਿਡਾਰੀਆਂ ਨੂੰ ਖੇਡਣ ਲਈ ਮੈਦਾਨ ਨਹੀਂ ਲੱਭਦੇ। ਆਪਣੀ ਹੋਣੀ ’ਤੇ ਹੰਝੂ ਕੇਰ ਰਹੇ ਜੈਤੋ ਦੇ ਖਸਤਾ ਹਾਲ ਖੇਡ ਸਟੇਡੀਅਮ ਨੂੰ ਸਰਕਾਰਾਂ ਦੀ ਸੁਵੱਲੀ ਨਜ਼ਰ ਦੀ ਉਡੀਕ ਹੈ।
ਕੋਈ ਵਕਤ ਸੀ ਜਦੋਂ ਬਾਦਲ ਪਰਿਵਾਰ ਲਈ ਲੋਕ ਸਭਾ ਹਲਕਾ ਫ਼ਰੀਦਕੋਟ ‘ਵੀਆਈਪੀ’ ਹੁੰਦਾ ਸੀ, ਉਦੋਂ ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜਿਆ ਕਰਦੇ ਸਨ। ਕੇਂਦਰੀ ਉਦਯੋਗ ਰਾਜ ਮੰਤਰੀ ਦੀ ਹੈਸੀਅਤ ਵਿਚ ਸੁਖਬੀਰ ਸਿੰਘ ਬਾਦਲ ਨੇ 1998 ਵਿਚ ਚਾਰ ਏਕੜ ਦਾ ਖੁੱਲ੍ਹਾ ਸਟੇਡੀਅਮ ਜੈਤੋ ਖੇਤਰ ਦੇ ਖਿਡਾਰੀਆਂ ਨੂੰ ਦਿੱਤਾ। ਇਸ ਸਟੇਡੀਅਮ ਨੇ ਕਈ ਕੌਮੀ ਖਿਡਾਰੀ ਪੈਦਾ ਕਰ ਕੇ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਤੇ ਸਮਾਜ ਸੇਵੀ ਜਸਵਿੰਦਰ ਸਿੰਘ ਜੋਨੀ ਅਤੇ ਜਰਨਲ ਸਕੱਤਰ ਹਰਸੰਗੀਤ ਸਿੰਘ ਹੈਪੀ ਨੇ ਕਿਹਾ ਕਿ ਜੈਤੋ ਖੇਡ ਸਟੇਡੀਅਮ ਨੂੰ ਨਵਾਂ ਬਨਾਉਣ ਲਈ ਵੱਖ ਵੱਖ ਵਿਭਾਗਾਂ ਨੂੰ ਲਿਖਤੀ ਰੂਪ ਵਿੱਚ ਪੱਤਰ ਦਿੱਤੇ ਗਏ ਹਨ ਪਰ ਕੋਈ ਹੱਲ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਜੈਤੋ ਖੇਡ ਸਟੇਡੀਅਮ ਦੀ ਹਾਲਤ ਬੇਹੱਦ ਤਰਸਯੋਗ ਹੋ ਚੁੱਕੀ ਹੈ, ਇਸ ਵੱਲ ਪੰਜਾਬ ਸਰਕਾਰ ਤੋਂ ਇਲਾਵਾ ਪ੍ਰਸ਼ਾਸਨ ਦਾ ਵੀ ਕੋਈ ਧਿਆਨ ਨਹੀਂ ਹੈ । ਪ੍ਰਧਾਨ ਜਸਵਿੰਦਰ ਸਿੰਘ ਜੋਨੀ ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਉਪ ਮੰਡਲ ਜੈਤੋ ਦੇ ਘੇਰੇ ਵਿਚ ਆਉਂਦੇ ਸਕੂਲਾਂ, ਕਾਲਜਾਂ ਦੀਆਂ ਖੇਡਾਂ ਤੋਂ ਇਲਾਵਾ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਹਾੜੇ ਦੇ ਸਮਾਗਮ ਵੀ ਡੇਢ ਦਹਾਕੇ ਤੋਂ ਇਸ ਸਟੇਡੀਅਮ ਵਿਚ ਹੀ ਕਰਵਾਏ ਜਾਂਦੇ ਹਨ।
‘ਵੀਆਈਪੀ’ ਦੇ ਉੱਡਣ ਖਟੋਲਿਆਂ ਦੇ ਉੱਤਰਨ ਤੇ ਚੜ੍ਹਨ ਲਈ ਵੀ ਇਹੋ ਸਟੇਡੀਅਮ ਵਰਤੋਂ ’ਚ ਆਉਂਦਾ ਹੈ, ਪਰ ਇਸ ਸਟੇਡੀਅਮ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਇਸ ਨੂੰ ਸਰਕਾਰੀ ਮਿਹਰ ਦੀ ਲੋੜ ਹੈ। ਸਟੇਡੀਅਮ ਵਿਚਲੇ ਜਿਮਨੇਜ਼ੀਅਮ ਹਾਲ ਦੇ ਬੂਹੇ, ਬਾਰੀਆਂ ਤੱਕ ਕਈ ਵਾਰ ਚੋਰਾਂ ਦੀ ਭੇਟ ਚੜ੍ਹ ਚੁੱਕੇ ਹਨ। ਕੁੱਝ ਖੇਡ ਸੰਗਠਨਾਂ ਅਤੇ ਖੇਡ ਪ੍ਰੇਮੀਆਂ ਨੇ ਇਮਾਰਤ ਨੂੰ ਦੁਬਾਰਾ ਉਹੀ ਦਿੱਖ ਦੇਣ ਲਈ ਕੁਝ ਵਿੱਤੀ ਪ੍ਰਬੰਧ ਜੁਟਾ ਕੇ ਬੂਹੇ, ਬਾਰੀਆਂ ਮੁੜ ਤੋਂ ਲੁਆਈਆਂ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਸਟੇਡੀਅਮ ’ਚ ਪਾਣੀ ਭਰ ਜਾਂਦਾ ਹੈ।
ਸਟੇਡੀਅਮ ਦੇ ਗੇਟਾਂ ਦੀ ਟੁੱਟ-ਭੱਜ ਹੋਣ ਕਾਰਨ ਆਵਾਰਾ ਪਸ਼ੂਆਂ ਨੇ ਵੀ ਇਸ ਨੂੰ ਆਪਣੀ ਠਾਹਰ ਬਣਾਇਆ ਹੋਇਆ ਹੈ। ਸਟੇਡੀਅਮ ਦੁਆਲੇ ਦਰਸ਼ਕਾਂ ਦੇ ਬੈਠਣ ਲਈ ਬਣੇ ਸਟੈਂਡ ਟੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਤੇ ਦਰਸ਼ਕਾਂ ਦੇ ਪੀਣ ਲਈ ਪਾਣੀ ਅਤੇ ਬਾਥਰੂਮ ਕਰਨ ਦਾ ਕੋਈ ਪ੍ਰਬੰਧ ਨਹੀਂ। ਖੰਡਰ ਬਣਦੇ ਜਾ ਰਹੇ ਸਟੇਡੀਅਮ ਦੀ ਹਾਲਤ ਸੁਧਾਰਨ ਲਈ ਖਿਡਾਰੀਆਂ ਨੂੰ ਸਰਕਾਰ ਤੋਂ ਵੱਡੀਆਂ ਆਸਾਂ ਲੱਗੀਆਂ ਹੋਈਆਂ ਹਨ। ਕੋਚ ਦਵਿੰਦਰ ਬਾਬੂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਸਟੇਡੀਅਮ ਨੂੰ ਨਗਰ ਕੌਂਸਲ ਦੇ ਹੱਥਾਂ ’ਚ ਦੁਆਉਣ ਲਈ ਖੇਡ ਵਿਭਾਗ ਨੂੰ ਕਈ ਦਫ਼ਾ ਬੇਨਤੀ ਕੀਤੀ, ਪਰ ਕੋਈ ਉੱਤਰ ਨਹੀਂ ਮਿਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਖੇਡ ਵਿਭਾਗ ਨੂੰ ਕੌਂਸਲ ’ਤੇ ਇਤਰਾਜ਼ ਹੈ ਤਾਂ ਸਟੇਡੀਅਮ ਨੂੰ ਸਿੱਖਿਆ ਵਿਭਾਗ ਦੇ ਹੀ ਸਪੁਰਦ ਕਰ ਦੇਵੇ, ਤਾਂ ਜੋ ਉਸ ਦੀ ਉਚਿਤ ਸਾਂਭ ਸੰਭਾਲ ਤਾਂ ਹੋ ਸਕੇ।
ਕਿ ਕਹਿਣਾ ਜ਼ਿਲ੍ਹਾ ਸਪੋਰਟਸ ਅਫਸਰ ਬਲਜਿੰਦਰ ਸਿੰਘ ਦਾ...?
ਜਦੋਂ ਇਸ ਸਬੰਧੀ ਜ਼ਿਲ੍ਹੇ ਦੇ ਸਪੋਰਟਸ ਅਫਸਰ ਫਰੀਦਕੋਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੈਤੋ ਖੇਡ ਸਟੇਡੀਅਮ ਦੀ ਖਸਤਾ ਹਾਲਤ ਨੂੰ ਲੈਕੇ ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਪਰਪੋਜਲ ਭੇਜੀ ਗਈ ਹੈ ਫੰਡ ਆਉਣ ਤੇ ਹੀ ਨਵੇਂ ਬਣਾਉਣ ਦੀ ਉਮੀਦ ਰੱਖੀ ਜਾਂ ਸਕਦੀ ਹੈ। ਉਨ੍ਹਾਂ ਕਿਹਾ ਕਿ ਜੈਤੋ ਖੇਡ ਸਟੇਡੀਅਮ ਨੂੰ ਕੋਈ ਵੀ ਫੰਡ ਨਹੀਂ ਆਇਆ ਅਤੇ ਇਸ ਦੀ ਸਾਂਭ ਸੰਭਾਲ ਤੇ ਸਾਫ਼ ਸਫ਼ਾਈ ਨਗਰ ਕੌਂਸਲ ਜੈਤੋ ਵੱਲੋਂ ਕੀਤੀ ਜਾਂਦੀ ਹੈ।