ਤੇ ਨਾਵਲ '2025 ਬੀਹ ਸੌ ਪੱਚੀ' ਨਦੀਮ ਪਰਮਾਰ ਦੀ ਆਖਰੀ ਲਿਖਤ ਹੋ ਗਿਆ...
ਨਾਮਵਰ ਸ਼ਖਸੀਅਤ ਨਦੀਮ ਪਰਮਾਰ (ਕੁਲਵੰਤ ਸਿੰਘ ਪਰਮਾਰ) ਸਦੀਵੀ ਵਿਛੋੜਾ ਦੇ ਗਏ
ਚੰਡੀਗੜ੍ਹ, 19 ਅਪ੍ਰੈਲ 2025 : ਅੱਜ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਨਦੀਮ ਪਰਮਾਰ (ਕੁਲਵੰਤ ਸਿੰਘ ਪਰਮਾਰ) ਸਦੀਵੀ ਵਿਛੋੜਾ ਦੇ ਗਏ ਹਨl ਉਹ ਕੈਨੇਡਾ ਵਿਖੇ ਪਿਛਲੇ ਪੰਜ ਦਹਾਕਿਆ ਤੋਂ ਵੱਧ ਸਮੇਂ ਤੋਂ ਰਹਿ ਰਹੇ ਸਨ। ਨਦੀਮ ਪਰਮਾਰ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲਾ ਲਾਇਲਪੁਰ ਦੇ ਚੱਕ 138 'ਚ 9 ਜੂਨ 1936 ਨੂੰ ਹੋਇਆ। ਆਪ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਦੀ ਡਿਗਰੀ ਹਾਸਲ ਕੀਤੀ। ਮਗਰੋਂ ਲੰਡਨ ਵਿਖੇ ਐਲ.ਬੀ.ਈ. ਐਜੂਕੇਸ਼ਨ ਦੀ ਡਿਗਰੀ ਹਾਸਲ ਕਰਕੇ ਪੜ੍ਹਾਉਣ ਦੇ ਖੇਤਰ ਵਿੱਚ ਆਏ।
1973 ਵਿੱਚ ਕੈਨੇਡਾ ਆ ਵਸੇ, ਜਿਥੇ ਸਾਹਿਤਕ ਜਗਤ ਦੀਆਂ ਸੰਸਥਾਵਾਂ ; ਪੰਜਾਬੀ ਲੇਖਕ ਮੰਚ ਤੋਂ ਲੈ ਕੇ ਵੱਖ-ਵੱਖ ਅਦਾਰਿਆਂ ਨਾਲ ਜੁੜੇ ਰਹੇ। ਨਦੀਮ ਪਰਮਾਰ ਨੇ ਨਾਵਲ, ਕਵਿਤਾ ਤੇ ਕਹਾਣੀ ਖੇਤਰ ਵਿੱਚ ਬਹੁਤ ਅਹਿਮ ਪੁਸਤਕਾਂ ਲਿਖੀਆਂ।
ਗਜ਼ਲ ਖੇਤਰ ਵਿੱਚ ਉਹਨਾਂ ਦੀ ਵਿਸ਼ੇਸ਼ ਮੁਹਾਰਤ ਸੀ। ਉਹਨਾਂ ਦੀ ਆਖਰੀ ਲਿਖਤ ਨਾਵਲ '2025 ਬੀਹ ਸੌ ਪੱਚੀ 'ਭਾਰਤ ਦੇ ਮੌਜੂਦਾ ਫਾਸ਼ੀਵਾਦੀ ਦੌਰ ਅਤੇ ਆਰਐਸਐਸ ਦੀ ਸ਼ਤਾਬਦੀ ਦੇ ਮੌਕੇ 'ਤੇ ਲਿਖਿਆ ਗਿਆ ਅਜਿਹਾ ਨਾਵਲ ਹੈ, ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਨੀ ਹੀ ਥੋੜੀ ਹੈ। ਕੁਝ ਮਹੀਨੇ ਪਹਿਲਾਂ ਇਹ ਨਾਵਲ ਪੱਤਰਕਾਰ ਗੁਰਪ੍ਰੀਤ ਸਿੰਘ ਦੇ ਉਦਮ ਨਾਲ ਸਰੀ ਵਿਖੇ ਲੋਕ ਅਰਪਣ ਕੀਤਾ ਗਿਆ। ਮੇਰੀ ਉਹਨਾਂ ਨਾਲ ਇਸ ਬਾਰੇ ਲੰਮੀ ਚੌੜੀ ਗੱਲਬਾਤ ਹੋਈ ਅਤੇ ਇਸ ਵਾਅਦੇ ਨਾਲ ਕਿ ਆਉਂਦੇ ਦਿਨੀਂ ਟੈਲੀਵਿਜ਼ਨ 'ਤੇ ਇਸ ਨਾਵਲ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ, ਇਹ ਗੱਲਬਾਤ ਮੁੱਕੀ ਪਰ ਅਫਸੋਸ ਹੈ ਕਿ ਇਹ ਮੁਲਾਕਾਤ ਨਾ ਹੋ ਸਕੀ।
ਅੱਜ 89 ਸਾਲ ਦੀ ਚੰਗੀ ਉਮਰ ਭੋਗ ਕੇ ਨਦੀਮ ਪਰਮਾਰ ਚਾਹੇ ਜਿਸਮਾਨੀ ਤੌਰ 'ਤੇ ਸਾਡੇ ਵਿਚਕਾਰ ਨਹੀਂ, ਪਰ ਸਾਹਿਤਕ ਹਲਕਿਆਂ ਵਿੱਚ ਹਮੇਸ਼ਾ ਉਹਨਾਂ ਦਾ ਜ਼ਿਕਰ ਹੁੰਦਾ ਰਹੇਗਾ। ਕਰੀਬਨ 23 ਕੁ ਵਰੇ ਪਹਿਲਾਂ ਪ੍ਰਿੰਸ ਜੌਰਜ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ (ਜੋ ਕਿ ਭੁਪਿੰਦਰ ਸਿੰਘ ਮੱਲੀ ਅਤੇ ਸੁੱਚਾ ਸਿੰਘ ਦੀਪਕ ਵੱਲੋਂ ਵਿਰਾਸਤ ਫਾਊਂਡੇਸ਼ਨ ਦੇ ਉਪਰਾਲੇ ਨਾਲ ਕੀਤੀ ਗਈ), ਉਸ ਮੌਕੇ 'ਤੇ ਅਸੀਂ ਇਕੱਠੀਆਂ ਸ਼ਮੂਲੀਅਤ ਕੀਤੀ। ਅੱਜ ਤਸਵੀਰਾਂ ਦੇ ਰੂਪ ਵਿੱਚ ਉਹ ਯਾਦਾਂ ਅੱਖਾਂ ਸਾਹਮਣੇ ਹਨ।
ਨਦੀਮ ਆਪਣੇ ਨਾਮ ਵਾਂਗ 'ਮਿੱਤਰ' ਬਣ ਕੇ ਵਿਚਰੇ ਅਤੇ ਇਸ ਮਿੱਤਰ ਭਾਵ ਨਾਲ ਆਪਣਾ ਸਫਰ ਗੁਜ਼ਾਰਦੇ ਹੋਏ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!
ਡਾ. ਗੁਰਵਿੰਦਰ ਸਿੰਘ