ਟਰੈਕਟਰ ਟਰਾਲੀ ਅਤੇ ਬੱਸ ਦੀ ਟੱਕਰ ਬਾਅਦ ਝਗੜਾ, ਟਰੈਕਟਰ ਚਾਲਕ ਦੀ ਮੌਤ
ਰਿਸ਼ਤੇਦਾਰਾਂ ਵੱਲੋਂ ਬੱਸ ਸਟਾਫ਼ 'ਤੇ ਕਤਲ ਦੇ ਗੰਭੀਰ ਇਲਜ਼ਾਮ
ਰਵਿੰਦਰ ਸਿੰਘ
ਸਮਰਾਲਾ: ਸਮਰਾਲਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ ਟਰੈਕਟਰ ਟਰਾਲੀ ਅਤੇ ਇੱਕ ਨਿੱਜੀ ਕੰਪਨੀ ਦੀ ਬੱਸ ਵਿਚਾਲੇ ਆਮੋਸਾਹਮਣੇ ਟੱਕਰ ਹੋ ਗਈ। ਟੱਕਰ ਤੋਂ ਬਾਅਦ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ, ਜਿਸ ਵਿੱਚ ਟਰੈਕਟਰ ਟਰਾਲੀ ਚਾਲਕ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (ਉਮਰ 45 ਸਾਲ), ਪਿੰਡ ਹਰਿਓ ਕਲਾਂ ਵਾਸੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਮਨਜੀਤ ਸਿੰਘ ਦੀ ਮੌਤ ਸਧਾਰਣ ਹਾਦਸਾ ਨਹੀਂ, ਸਗੋਂ ਬੱਸ ਚਾਲਕ ਅਤੇ ਕੰਡਕਟਰ ਵੱਲੋਂ ਡੰਡਿਆਂ ਨਾਲ ਕੀਤੇ ਹਮਲੇ ਦੇ ਨਤੀਜੇ ਵਜੋਂ ਹੋਈ।
ਮ੍ਰਿਤਕ ਦੇ ਭਤੀਜੇ ਦਮਨਜੀਤ ਸਿੰਘ ਅਤੇ ਰਿਸ਼ਤੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਡਰਾਈਵਿੰਗ ਕਰਦਾ ਸੀ ਅਤੇ ਘਟਨਾ ਵੇਲੇ ਟਰੈਕਟਰ ਟਰਾਲੀ 'ਤੇ ਪਿੰਡ ਬੰਬਾਂ ਨੂੰ ਜਾ ਰਿਹਾ ਸੀ। ਜਦੋਂ ਉਹ ਖਟਰਾਂ ਮਾਦਪੁਰ ਰੋਡ 'ਤੇ ਸੀ, ਉਸਦੀ ਟਰਾਲੀ ਨਿਜੀ ਬੱਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਟੱਕਰ ਤੋਂ ਬਾਅਦ ਬੱਸ ਸਟਾਫ਼ ਨੇ ਉਸ ਨੂੰ ਡੰਡਿਆਂ ਨਾਲ ਮਾਰ ਕੇ ਕਤਲ ਕਰ ਦਿੱਤਾ।
ਇਲਜ਼ਾਮ ਲਾਇਆ ਗਿਆ ਕਿ ਮਨਜੀਤ ਸਿੰਘ ਦਾ ਟਰੈਕਟਰ ਆਪਣੀ ਸਹੀ ਸਾਈਡ 'ਤੇ ਸੀ, ਪਰ ਟੱਕਰ ਤੋਂ ਬਾਅਦ ਬੱਸ ਵਿੱਚੋਂ ਡੰਡੇ ਕੱਢ ਕੇ ਉਸ ਉੱਤੇ ਹਮਲਾ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਮਨਜੀਤ ਸਿੰਘ ਇਕੱਲਾ ਹੀ ਰਹਿੰਦਾ ਸੀ, ਉਸਦਾ ਪੁੱਤਰ ਵਿਦੇਸ਼ ਵਿੱਚ ਹੈ ਅਤੇ ਧੀ ਵਿਆਹੀ ਹੋਈ ਹੈ।
ਮੌਕੇ 'ਤੇ ਢਾਈ ਘੰਟਿਆਂ ਤੱਕ ਮ੍ਰਿਤਕ ਦੀ ਲਾਸ਼ ਪਈ ਰਹੀ, ਜਿਸ ਕਾਰਨ ਪਰਿਵਾਰ ਨੇ ਪੁਲਿਸ ਉੱਤੇ ਦੇਰੀ ਦਾ ਇਲਜ਼ਾਮ ਵੀ ਲਾਇਆ।
ਸਮਰਾਲਾ ਥਾਣਾ ਇੰਚਾਰਜ ਐਸਐਚਓ ਪਵਿੱਤਰ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਚਲ ਰਹੀ ਹੈ ਅਤੇ ਸੱਚ ਸਾਹਮਣੇ ਆਉਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਾਮਲੇ ਦੀ ਅਗਲੀ ਜਾਂਚ ਲਈ ਨਿਗਾਹ ਰੱਖੀ ਜਾ ਰਹੀ ਹੈ ਅਤੇ ਬੱਸ ਚਾਲਕ ਤੇ ਕੰਡਕਟਰ ਉੱਤੇ ਕਤਲ ਦੀ ਧਾਰਾਵਾਂ ਹੇਠ ਕਾਰਵਾਈ ਹੋਣ ਦੀ ਸੰਭਾਵਨਾ ਹੈ।